ਫਗਵਾੜਾ ‘ਚ 2 ਨੌਜਵਾਨਾਂ ‘ਤੇ ਕਾਤਲਾਨਾ ਹਮਲਾ, 1 ਦੀ ਮੌਤ, ਦੂਜਾ ਗੰਭੀਰ

0
432

ਫਗਵਾੜਾ, 9 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਗੇਟ ਕੋਲ ਖੜ੍ਹੇ ਨੌਜਵਾਨਾਂ ‘ਤੇ 30 ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸਨ। ਉਨ੍ਹਾਂ ਉਥੇ ਗੋਲੀਆਂ ਵੀ ਚਲਾਈਆਂ। ਇਸ ਹਮਲੇ ਵਿਚ ਇਕ ਨੌਜਵਾਨ ਜਿਸ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਸਿੰਘਪੁਰ ਵਜੋਂ ਹੋਈ ਹੈ, ਦੀ ਮੌਤ ਹੋ ਗਈ ਜਦੋਂਕਿ ਹਮਲੇ ਵਿਚ 1 ਨੌਜਵਾਨ ਜ਼ਖ਼ਮੀ ਹੋ ਗਿਆ।

ਹਮਲੇ ‘ਚ ਜ਼ਖਮੀ ਹੋਏ ਅਰਜੁਨ ਸਿੰਘ ਰਾਣਾ ਜੋ ਕਿ ਫਗਵਾੜਾ ਦੇ ਸਿਵਲ ਹਸਪਤਾਲ ‘ਚ ਦਾਖਲ ਹਨ, ਨੇ ਦੱਸਿਆ ਕਿ ਉਹ, ਉਸ ਦਾ ਭਰਾ ਹਰਪ੍ਰੀਤ ਅਤੇ ਦੋਸਤ ਸੌਰਭ ਆਪਣੇ ਦੋਸਤ ਮਨੀ ਨੂੰ ਛੱਡਣ ਲਈ ਕਿਸੇ ਹੋਰ ਪੀਜੀ ਜਾ ਰਹੇ ਸਨ। ਉਹ ਲਾਅ ਗੇਟ ਕੋਲ ਖੜ੍ਹੇ ਸਨ। ਇਸ ਦੌਰਾਨ ਕਰੀਬ 25 ਤੋਂ 30 ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ।

सिविल अस्पताल फगवाड़ा में घायल अर्जुन का इलाज करता स्टाफ

ਇਸ ਹਮਲੇ ਵਿੱਚ ਜ਼ਖਮੀ ਹਰਪ੍ਰੀਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਅਰਜੁਨ ਨੇ ਦੱਸਿਆ ਕਿ ਉਸ ਦੇ ਭਰਾ ਹਰਪ੍ਰੀਤ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਉਹ ਇੱਥੇ ਇੱਕ ਜੂਸ ਬਾਰ ਵਿੱਚ ਕੰਮ ਕਰਦਾ ਸੀ।

ਉਸ ਨੇ ਦੱਸਿਆ ਕਿ ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਵਿਅਕਤੀਆਂ ‘ਚ ਮਨੋਹਰ, ਰੋਸ਼ਨ, ਸਾਬਾ, ਅਭਿਸ਼ੇਕ ਅਤੇ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਸਨ। ਇਨ੍ਹਾਂ ‘ਚੋਂ ਰੌਸ਼ਨ ਹਮੇਸ਼ਾ ਪੁਲਿਸ ਵਾਲਿਆਂ ਨਾਲ ਘੁੰਮਦਾ ਰਹਿੰਦਾ ਹੈ। ਰਾਤ ਨੂੰ ਵੀ ਹਮਲੇ ਤੋਂ ਬਾਅਦ ਉਹ ਪੁਲਿਸ ਦੀ ਕਾਰ ਵਿੱਚ ਹੀ ਚਲਾ ਗਿਆ ਸੀ। ਉਨ੍ਹਾਂ ਉਸ ਨੂੰ ਪੁਲਿਸ ਦੀ ਗੱਡੀ ਵਿੱਚ ਬਿਠਾ ਕੇ ਭਜਾ ਕੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ।

ਡੀਐੱਸਪੀ ਫਗਵਾੜਾ ਜਸਪ੍ਰੀਤ ਸਿੰਘ, ਐੱਸਐੱਚਓ ਥਾਣਾ ਸਤਨਾਮਪੁਰਾ, ਐੱਸਐੱਚਓ ਥਾਣਾ ਸਿਟੀ ਪਲਵਿੰਦਰ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਕੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਇਸ ਸਬੰਧੀ ਐੱਸਐੱਚਓ ਥਾਣਾ ਸਤਨਾਮਪੁਰਾ ਸੁਰਜੀਤ ਸਿੰਘ ਦੇ ਦੱਸਣ ਮੁਤਾਬਕ ਇਸ ਮਾਮਲੇ ‘ਚ 7 ਵਿਕਤੀਆਂ ਖਿਲਾਫ ਅਲੱਗ-ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।