ਨਵੀਂ ਦਿੱਲੀ | ਦੇਸ਼ ਦੀ ਹਾਈ ਸਕਿਓਰਿਟੀ ਜੇਲ ਮੰਨੀ ਜਾਂਦੀ ਤਿਹਾੜ ਜੇਲ ‘ਚ ਗੈਂਗ ਵਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਗੈਂਗ ਵਾਰ ਵਿੱਚ ਬਦਨਾਮ ਗੈਂਗਸਟਰ ਟਿੱਲੂ ਤਾਜਪੁਰੀਆ ਮਾਰਿਆ ਗਿਆ। ਟਿੱਲੂ ਤਾਜਪੁਰੀਆ ‘ਤੇ ਰੋਹਿਣੀ ਕੋਰਟ ‘ਚ ਗੋਲੀ ਚਲਾਉਣ ਦੇ ਇਲਜ਼ਾਮ, ਜਤਿੰਦਰ ਗੋਗੀ ‘ਤੇ ਕਤਲ ਕਰਵਾਉਣ ਦਾ ਦੋਸ਼ ਸੀ।
ਦੱਸਿਆ ਜਾ ਰਿਹਾ ਹੈ ਕਿ ਤਿਹਾੜ ਜੇਲ੍ਹ ‘ਚ ਯੋਗੇਸ਼ ਟੁੰਡਾ ਅਤੇ ਉਸ ਦੇ ਸਾਥੀ ਦੀਪਕ ਨੇ ਟਿੱਲੂ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਡੀਡੀਯੂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਸਵੇਰੇ 6.30 ਵਜੇ ਉਸ ਦੀ ਮੌਤ ਹੋ ਗਈ। ਫਿਲਹਾਲ ਤਿਹਾੜ ਜੇਲ੍ਹ ਪ੍ਰਸ਼ਾਸਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੱਸ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਟਿੱਲੂ ਤਾਜਪੁਰੀਆ ਬਦਨਾਮ ਬਦਮਾਸ਼ ਨਵੀਨ ਬਾਲੀ, ਕੌਸ਼ਲ ਅਤੇ ਗੈਂਗਸਟਰ ਨੀਰਜ ਬਵਾਨੀਆ ਦੇ ਨਾਲ ਤਿਹਾੜ ਜੇਲ੍ਹ ਤੋਂ ਗੈਂਗ ਨੂੰ ਚਲਾਉਂਦਾ ਸੀ। ਉਸ ਦਾ ਨਾਂ ਰੋਹਿਣੀ ਕੋਰਟ ਗੋਲੀਕਾਂਡ ‘ਚ ਆਇਆ ਸੀ। ਸਤੰਬਰ 2021 ਵਿੱਚ ਦੋ ਹਮਲਾਵਰ ਜੋ ਰੋਹਿਣੀ ਅਦਾਲਤ ਵਿੱਚ ਵਕੀਲਾਂ ਦੇ ਰੂਪ ਵਿੱਚ ਆਏ ਸਨ, ਨੇ ਜੱਜ ਦੇ ਸਾਹਮਣੇ ਗੈਂਗਸਟਰ ਜਤਿੰਦਰ ਗੋਗੀ ‘ਤੇ ਗੋਲੀਆਂ ਚਲਾ ਦਿੱਤੀਆਂ ਸਨ।
ਗੋਗੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਸ਼ੂਟਰ ਵੀ ਮਾਰੇ ਗਏ। ਟਿੱਲੂ ਤਾਜਪੁਰੀਆ ਉਦੋਂ ਮੰਡੋਲੀ ਜੇਲ੍ਹ ਵਿਚ ਬੰਦ ਸੀ ਅਤੇ ਉਸ ਦੀ ਗੋਗੀ ਗੈਂਗ ਨਾਲ ਦੁਸ਼ਮਣੀ ਸੀ ਅਤੇ ਉਸ ਦਾ ਨਾਂ ਇਸ ਗੋਲੀਬਾਰੀ ਨਾਲ ਜੁੜਿਆ ਹੋਇਆ ਸੀ।