ਦਿਨ ਚੜ੍ਹਦੇ ਹੀ ਮਾਲੇਰਕੋਟਲਾ ‘ਚ ਕਤਲ, ਜਿਮ ਨੂੰ ਜਾਂਦੇ ਆਪ ਕੌਂਸਲਰ ਦੇ ਮਾਰੀਆਂ ਗੋਲ਼ੀਆਂ

0
4120

ਮਾਲੇਰਕੋਟਲਾ। ਵਿੱਚ ਅੱਜ ਸਵੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਥੇ ਐਤਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਇਕ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸਨਸਨੀ ਫ਼ੈਲ ਗਈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।ਘਟਨਾ ਸਵੇਰੇ ਕਰੀਬ 8 ਵਜੇ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਵਾਰਡ ਨੰਬਰ 18 ਦੇ ਕੌਂਸਲਰ ਅਕਬਰ ਭੋਲੀ ਨੂੰ ਉਸ ਵੇਲੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਉਹ ਜਿਮ ਵੱਲ ਜਾ ਰਹੇ ਸਨ। ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਫ਼ਰਾਰ ਹੋ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੋਸ਼ੀਆਂ ਦਾ ਸੁਰਾਗ ਲੈਣ ਲਈ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਫਰੋਲ ਰਹੀ ਹੈ। ਉਮੀਦ ਹੈ ਕਿ ਇਹ ਪੂਰੀ ਘਟਨਾ ਇਨ੍ਹਾਂ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਨੇ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਦੱਸ ਦੇਈਏ ਕਿ 3 ਸਾਲ ਪਹਿਲਾਂ ਹੀ ਕੌਂਸਲਰ ਅਕਬਰ ਭੋਲੀ ਦੇ ਵੱਡੇ ਭਰਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਕਤਲ ਲਈ ਪਰਿਵਾਰ ਨੂੰ ਕਿਸ ‘ਤੇ ਸ਼ੱਕ ਹੈ ਜਾਂ ਫਿਰ ਕਿਸ ਰੰਜਿਸ਼ ਕਰਕੇ ਇਹ ਕਤਲ ਕੀਤਾ ਗਿਆ, ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਹੋਇਆ।