ਵਿਆਹ ‘ਚ ਰਸਗੁੱਲੇ ਲਈ ਕਤਲ, ਚੱਲੇ ਚਾਕੂ-ਛੁਰੀਆਂ, ਕੁਰਸੀਆਂ, ਲਾੜੀ ਬਗੈਰ ਪਰਤੀ ਬਰਾਤ

0
346

ਆਗਰਾ। ਆਗਰਾ ਵਿਚ ਰਸਗੁੱਲੇ ਕਰਕੇ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਬਰਾਤ ‘ਚ ਆਏ 20 ਸਾਲਾ ਮੁੰਡੇ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ। 12 ਲੋਕ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਬਰਾਤ ਵਿਆਹ ਤੋਂ ਬਿਨਾਂ ਹੀ ਪਰਤ ਗਈ।

ਘਟਨਾ ਬੁੱਧਵਾਰ ਦੀ ਹੈ। ਖੰਡੌਲੀ ਦੇ ਰਹਿਣ ਵਾਲੇ ਕਾਰੋਬਾਰੀ ਵਕਾਰ ਦੇ ਦੋ ਪੁੱਤਰ ਜਾਵੇਦ ਅਤੇ ਰਸ਼ੀਦ ਦਾ ਵਿਆਹ ਏਤਮਾਦਪੁਰ ਦੇ ਰਹਿਣ ਵਾਲੇ ਉਸਮਾਨ ਦੀਆਂ ਧੀਆਂ ਜ਼ੈਨਬ ਅਤੇ ਸਾਜੀਆ ਨਾਲ ਹੋ ਰਿਹਾ ਸੀ। ਬਰਾਤ ਨੂੰ ਖਾਣਾ ਖੁਆਇਆ ਜਾ ਰਿਹਾ ਸੀ। ਇੱਕ ਬਰਾਤੀ ਨੇ ਰਸਗੁੱਲਾ ਮਿਲਣ ‘ਤੇ ਇੱਕ ਹੋਰ ਮੰਗਿਆ। ਕਾਊਂਟਰ ‘ਤੇ ਖੜ੍ਹੇ ਨੌਜਵਾਨ ਨੇ ਕਿਹਾ- ਸਾਰਿਆਂ ਨੂੰ ਇਕ-ਇਕ ਮਿਲੇਗਾ। ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਬਹਿਸ ਨਾਲ ਸ਼ੁਰੂ ਹੋਈ ਗੱਲ ਖੂਨੀ ਝੜਪ ਵਿਚ ਬਦਲ ਗਈ। ਬਰਾਤੀ ਤੇ ਕੁੜੀ ਵਾਲੇ ਆਹਮੋ-ਸਾਹਮਣੇ ਹੋ ਗਏ। ਕੁਰਸੀ, ਚਾਕੂ, ਪਲੇਟ, ਚਮਚਾ, ਕਾਂਟਾ, ਜੋ ਵੀ ਉਨ੍ਹਾਂ ਦੇ ਹੱਥ ਵਿੱਚ, ਲੱਗਾ ਉਹ ਚੱਲਣ ਲੱਗਾ। ਇਸ ਝੜਪ ਵਿਚ 20 ਸਾਲਾ ਸੰਨੀ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ।

ਮ੍ਰਿਤਕ ਸੰਨੀ ਦੇ ਚਾਚਾ ਇਮਰਾਨ ਨੇ ਦੱਸਿਆ ਕਿ ਅਸੀਂ ਸਮੇਂ ਸਿਰ ਬਰਾਤ ਲੈ ਕੇ ਵਿਨਾਇਕ ਭਵਨ ਪਹੁੰਚੇ ਸੀ। ਬਰਾਤ ਪਹੁੰਚਦਿਆਂ ਹੀ ਖਾਣਾ ਸ਼ੁਰੂ ਕਰ ਦਿੱਤਾ ਗਿਆ। ਡੇਢ ਘੰਟੇ ਵਿਚ ਅੱਧੀ ਬਰਾਤ ਖਾਣਾ ਖਾ ਕੇ ਵਾਪਸ ਚਲੀ ਗਈ ਸੀ। ਕਿਉਂਕਿ ਇਹ ਲੋਕਲ ਮਾਮਲਾ ਸੀ, ਹਰ ਕੋਈ ਘਰ ਜਾਣਾ ਚਾਹੁੰਦਾ ਸੀ। ਵਿਆਹ ਵਿੱਚ ਲਾੜੇ ਦੇ ਕੁਝ ਖਾਸ ਰਿਸ਼ਤੇਦਾਰ ਅਤੇ ਦੋਸਤ ਹੀ ਠਹਿਰੇ ਸਨ।

ਮ੍ਰਿਤਕ ਸੰਨੀ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਪੁਲਿਸ ਜਾਂਚ ‘ਚ ਲੱਗੀ ਹੋਈ ਹੈ। ਮ੍ਰਿਤਕ ਸੰਨੀ ਦੇ ਚਾਚਾ ਕਾਲੇ ਨੇ ਦੋਸ਼ ਲਾਇਆ ਕਿ ਕੁਝ ਹੰਗਾਮਾਕਾਰੀ ਲੋਕਾਂ ਨੇ ਔਰਤਾਂ ਨਾਲ ਵੀ ਦੁਰਵਿਵਹਾਰ ਕੀਤਾ। ਉਨ੍ਹਾਂ ਦੇ ਗਹਿਣੇ ਵੀ ਲੁੱਟ ਲਏ ਗਏ ਹਨ। ਮਾਮਲਾ ਦਰਜ ਹੋਣ ਤੋਂ ਬਾਅਦ ਲਾੜੀ ਦਾ ਪੂਰਾ ਪਰਿਵਾਰ ਫ਼ਰਾਰ ਹੋ ਗਿਆ ਹੈ।

ਐਸਪੀ ਦਿਹਾਤੀ ਸੱਤਿਆਜੀਤ ਗੁਪਤਾ ਅਨੁਸਾਰ ਇਸ ਘਟਨਾ ਵਿੱਚ ਸ਼ਾਹਰੁਖ, ਨਿਜ਼ਾਮ, ਸ਼ਕੀਲ, ਜਾਨੂ, ਰਹਿਮਾਨ, ਰਾਮੀਆ ਵਾਸੀ ਖੰਡੌਲੀ ਸਮੇਤ 12 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅਹਿਤਿਆਤ ਵਜੋਂ ਮੌਕੇ ‘ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।