ਸ੍ਰੀ ਮੁਕਤਸਰ ਸਾਹਿਬ, 3 ਜਨਵਰਰੀ। ਜ਼ਿਲ੍ਹੇ ਦੇ ਪਿੰਡ ਕੋਟਲੀ ਸੰਘਰ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਬਰਾੜ ਨੇ ਕੈਨੇਡੀਅਨ ਪੁਲਿਸ ਵਿਚ ਭਰਤੀ ਹੋ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਜਸ਼ਨਪ੍ਰੀਤ ਨੇ ਪੁਲਿਸ ‘ਚ ਭਰਤੀ ਹੋ ਕੇ ਸਮਾਜ ਦੀ ਸੇਵਾ ਕਰਨ ਦਾ ਸੁਪਨਾ ਦੇਖਿਆ ਅਤੇ ਅਪਣੀ ਮਿਹਨਤ ਨਾਲ ਇਸ ਨੂੰ ਪੂਰਾ ਕੀਤਾ|
ਜਸ਼ਨਪ੍ਰੀਤ ਦੇ ਪਿਤਾ ਕੌਰ ਸਿੰਘ ਬਰਾੜ ਪੰਜਾਬ ਪੁਲਿਸ ਵਿਚ ਸਹਾਇਕ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਜਸ਼ਨਪ੍ਰੀਤ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਪੁਲਿਸ ‘ਚ ਭਰਤੀ ਹੋ ਕੇ ਸਮਾਜ ਦੀ ਸੇਵਾ ਕਰੇ, ਜਿਸ ਨੂੰ ਉਸ ਨੇ ਪੂਰਾ ਕੀਤਾ। ਕੈਨੇਡਾ ਵਿਚ ਫੈਡਰਲ ਕਰੈਕਸ਼ਨਲ ਅਫਸਰ (ਪੀਸ ਅਫਸਰ) ਬਣ ਕੇ ਉਸ ਨੇ ਨਾ ਸਿਰਫ਼ ਅਪਣੇ ਮਾਪਿਆਂ ਦਾ ਸਗੋਂ ਅਪਣੇ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜਸ਼ਨ ਨੇ 2017 ਵਿਚ ਡੇਰਾ ਭਾਈ ਮਸਤਾਨ ਸੀਨੀਅਰ ਸੈਕੰਡਰੀ ਸਕੂਲ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਾਮਰਸ ਵਿਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਇਸ ਮਗਰੋਂ ਉਹ ਉਚੇਰੀ ਸਿੱਖਿਆ ਲਈ ਕੈਨੇਡਾ ਚਲਾ ਗਿਆ। 2021 ਵਿਚ ਉਸ ਨੂੰ ਕੈਨੇਡਾ ਦੀ ਪੀ.ਆਰ. ਮਿਲ ਗਈ। ਇਸ ਮਗਰੋਂ ਜਸ਼ਨਪ੍ਰੀਤ ਨੇ ਦਿਨ-ਰਾਤ ਮਿਹਨਤ ਕੀਤੀ ਅਤੇ 21 ਦਸੰਬਰ 2023 ਨੂੰ ਅਪਣੀ ਸਿਖਲਾਈ ਪੂਰੀ ਕਰਨ ਮਗਰੋਂ ਪੀਸ ਅਫ਼ਸਰ ਦਾ ਅਹੁਦਾ ਹਾਸਲ ਕੀਤਾ।