ਮੁਕਤਸਰ : ਪਤੀ ਵਲੋਂ ਦੇਹ ਵਪਾਰ ਦਾ ਵਿਰੋਧ ਕਰਨ ‘ਤੇ ਪਤਨੀ ਨੇ ਹੀ ਕਰਵਾਇਆ ਸੀ ਪਤੀ ਦਾ ਕਤਲ, ਇੰਝ ਹੋਇਆ ਖੁਲਾਸਾ

0
2404

ਮਲੋਟ | ਇਥੇ ਇਕ ਕਤਲ ਦਾ ਕੇਸ ਹੱਲ ਹੋ ਗਿਆ ਹੈ। ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਅਤੇ ਕਿਹਾ ਕਿ ਇਸ ਦੀ ਮੌਤ ਬੀਮਾਰੀ ਕਾਰਨ ਹੋਈ ਹੈ ਪਰ ਇਸ ਮਾਮਲੇ ‘ਚ ਔਰਤ ਦੇ ਦਿਓਰ ਨੇ ਮਾਮਲੇ ਨੂੰ ਕਤਲ ਦੱਸਿਆ ਤਾਂ ਪੋਸਟਮਾਰਟਮ ਰਿਪੋਰਟ ਨੇ ਪਰਦਾਫਾਸ਼ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਮਲੋਟ ਦੇ ਮੁੱਖ ਅਫਸਰ ਐਸ.ਆਈ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਚੰਦ ਸਿੰਘ ਦੀ 11 ਅਪ੍ਰੈਲ ਨੂੰ ਮੌਤ ਹੋ ਗਈ ਸੀ।

ਪਤਨੀ ਪਰਮਜੀਤ ਕੌਰ ਨੇ ਪਰਿਵਾਰ ਨੂੰ ਦੱਸਿਆ ਕਿ ਜਸਵੀਰ ਦੀ ਮੌਤ ਕੈਂਸਰ ਕਾਰਨ ਹੋਈ ਹੈ। ਸਸਕਾਰ ਦੀ ਤਿਆਰੀ ਔਰਤ ਨੇ ਕੀਤੀ ਸੀ ਪਰ ਮ੍ਰਿਤਕ ਦੇ ਭਰਾ ਹਰਨੇਕ ਸਿੰਘ ਨੇ ਇਸ ਨੂੰ ਕੁਦਰਤੀ ਮੌਤ ਨਹੀਂ ਸਗੋਂ ਕਤਲ ਦਾ ਮਾਮਲਾ ਦੱਸਿਆ। ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਗਿਆ ਹੋਇਆ ਸੀ ਅਤੇ ਭਤੀਜੇ ਨੇ ਉਸ ਨੂੰ ਫੋਨ ’ਤੇ ਕਿਹਾ ਕਿ ਉਸ ਦੇ ਪਿਤਾ ਜਸਵੀਰ ਦੀ ਕੈਂਸਰ ਨਾਲ ਮੌਤ ਹੋ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰ ਉਸ ਨੂੰ ਸ਼ੱਕ ਸੀ ਕਿ ਜਸਵੀਰ ਦਾ ਕਤਲ ਉਸ ਦੀ ਭਾਬੀ ਪਰਮਜੀਤ ਕੌਰ ਨੇ ਕੀਤਾ ਹੈ।

ਉਸ ਨੇ ਕਿਹਾ ਕਿ ਭਰਜਾਈ ਘਰ ਵਿਚ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਸੀ। ਇਸ ਸਬੰਧੀ ਪਰਮਜੀਤ ਕੌਰ ਖ਼ਿਲਾਫ਼ ਦੇਹ ਵਪਾਰ ਦੇ ਕੇਸ ਵੀ ਦਰਜ ਹਨ ਅਤੇ ਜਸਵੀਰ ਸਿੰਘ ਇਸ ਦਾ ਵਿਰੋਧ ਕਰਦਾ ਸੀ, ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ। ਪੁਲਿਸ ਨੇ ਮ੍ਰਿਤਕ ਜਸਵੀਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪੋਸਟਮਾਰਟਮ ਰਿਪੋਰਟ ‘ਚ ਮ੍ਰਿਤਕ ਦੇ ਗਲੇ ‘ਤੇ ਰੱਸੀ ਨਾਲ ਗਲਾ ਘੁੱਟਣ ਅਤੇ ਹੋਰ ਸੱਟਾਂ ਦੇ ਨਿਸ਼ਾਨ ਮਿਲੇ ਸਨ ਅਤੇ ਰਿਪੋਰਟ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਜਦੋਂ ਪੋਸਟਮਾਰਟਮ ਰਿਪੋਰਟ ਵਿਚ ਮ੍ਰਿਤਕਾ ਦੇ ਗਲੇ ‘ਤੇ ਰੱਸੀ ਦੇ ਨਿਸ਼ਾਨ ਦੇਖੇ ਗਏ ਤਾਂ ਪਰਮਜੀਤ ਕੌਰ ਆਪਣੇ ਬਿਆਨ ਤੋਂ ਪਲਟ ਗਈ ਅਤੇ ਕਹਿਣ ਲੱਗੀ ਕਿ ਉਸਦੇ ਪਤੀ ਨੇ ਖੁਦ ਜਾਨ ਦਿੱਤੀ ਹੈ, ਮ੍ਰਿਤਕ ਦੇ ਭਰਾ ਹਰਨੇਕ ਸਿੰਘ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਇਸ ਮਾਮਲੇ ਵਿਚ ਪਰਮਜੀਤ ਕੌਰ ਅਤੇ ਉਸ ਦੇ ਲੜਕੇ ਜੀਵਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲੈ ਰਹੀ ਹੈ ਤਾਂ ਜੋ ਇਸ ਮਾਮਲੇ ਵਿਚ ਹੋਰ ਪੁੱਛਗਿੱਛ ਕੀਤੀ ਜਾ ਸਕੇ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ