ਮਲੋਟ| ਮਲੋਟ ਦੇ ਵਾਲਮੀਕਿ ਮੁਹੱਲੇ ਵਿਚ ਸਹੁਰ ਪਰਿਵਾਰ ਵਲੋਂ ਆਪਣੇ ਜਵਾਈ ਨੂੰ ਕੁੱਟ-ਕੁੱਟ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮ੍ਰਿਤਕ ਨੌਜਵਾਨ ਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ। ਜਿਸਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।ਮ੍ਰਿਤਕ ਦੀ ਪਛਾਣ ਰਾਹੁਲ ਕੁਮਾਰ ਪੁੱਤਰ ਤਿਲਕ ਰਾਜ ਵਜੋਂ ਹੋਈ ਹੈ। ਥਾਣਾ ਸਿਟੀ ਮਲੋਟ ਘਟਨਾ ਦੀ ਜਾਂਚ ਕਰ ਰਹੀ ਹੈ।

ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਤਿਲਕ ਰਾਜ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਛੱਤ ਤੋੜ ਰਿਹਾ ਸੀ। ਉਸ ਦਾ ਬੇਟਾ ਆਪਣੇ ਬੱਚਿਆਂ ਨੂੰ ਲੈ ਆਇਆ ਤੇ ਜਦੋਂ ਉਨ੍ਹਾਂ ਦਾ ਪੁੱਤਰ ਬਾਹਰ ਆਇਆ ਤਾਂ ਕੁਝ ਲੋਕਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਆਪਣੇ ਪੁੱਤਰ ਨੂੰ ਬਚਾਉਣ ਗਿਆ ਤਾਂ ਉਨ੍ਹਾਂ ਨੇ ਮੇਰੇ ਉਤੇ ਵੀ ਹਮਲਾ ਕਰ ਦਿੱਤਾ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਦੇ ਪੁੱਤਰ ਨੇ ਡੇਢ ਸਾਲ ਪਹਿਲਾਂ ਕੋਰਟ ਮੈਰਿਜ ਕਰਵਾਈ ਸੀ, ਇਸ ਲਈ ਉਸਦੇ ਪੁੱਤਰ ਦੇ ਸਹੁਰੇ ਉਨ੍ਹਾਂ ਦੇ ਪਰਿਵਾਰ ਨਾਲ ਰੰਜਿਸ਼ ਰੱਖਦੇ ਸਨ। ਅੱਜ ਉਸਦੇ ਸਾਲੇ, ਸਹੁਰਾ ਅਤੇ ਕੁਝ ਹੋਰ ਲੋਕ ਹੱਥ ਵਿਚ ਲੋਹੇ ਦੀਆਂ ਰਾਡਾਂ ਲੈ ਕੇ ਆਏ ਤੇ ਉਸਦੇ ਪੁੱਤਰ ਉਤੇ ਹਮਲਾ ਕਰ ਦਿੱਤਾ। ਮੈਂ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੇਰੇ ਉਤੇ ਵੀ ਹਮਲਾ ਕਰ ਦਿੱਤਾ। ਇਸ ਸਾਰੀ ਘਟਨਾ ਵਿਚ ਉਨ੍ਹਾਂ ਦੇ ਪੁੱਤਰ ਰਾਹੁਲ ਦੀ ਮੌਤ ਹੋ ਗਈ।
ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।