ਮੁਕਤਸਰ : ਕਰਿਆਨਾ ਦੀ ਦੁਕਾਨ ‘ਤੇ ਭਿਆਨਕ ਅੱਗ, 15 ਲੱਖ ਦਾ ਸਾਮਾਨ ਸੜ ਕੇ ਸੁਆਹ

0
1130

ਸ੍ਰੀ ਮੁਕਤਸਰ ਸਾਹਿਬ, 5 ਨਵੰਬਰ| ਸ੍ਰੀ ਮੁਕਤਸਰ ਸਾਹਿਬ  ਦੇ ਭੁੱਲਰ ਕਾਲੋਨੀ ਗਲੀ ਨੰਬਰ 1 ਵਿਖੇ ਕਰਿਆਨਾ ਦੀ ਦੁਕਾਨ ‘ਤੇ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ। ਦੁਕਾਨਦਾਰ ਅਨੁਸਾਰ ਇਸ ਘਟਨਾ ਨਾਲ ਉਸਦਾ ਲਗਭਗ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਲਗਭਗ ਢਾਈ ਘੰਟੇ ਦੀ ਕੜੀ ਮੁਸ਼ੱਕਤ ਮਗਰੋਂ ਅੱਗ  ‘ਤੇ ਕਾਬੂ ਪਾਇਆ।
ਫਾਇਰਮੈਨ ਮਨਪਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੀ ਦੇਰ ਰਾਤ ਬਾਰਾਂ ਵਜੇ ਉਨ੍ਹਾਂ ਦੀ ਟੀਮ ਨੂੰ ਕਿਸੇ ਵਿਪਨ ਕੁਮਾਰ ਨਾਮ ਦੇ ਵਿਅਕਤੀ ਨੇ ਭੁੱਲਰ ਕਾਲੋਨੀ ਵਿਖੇ ਅੱਗ ਲੱਗਣ ਦੀ ਸੂਚਨਾ ਦਿੱਤੀ। ਜਿਸ ‘ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲੈ ਕੇ ਫਾਇਰਮੈਨ ਬਲਵਿੰਦਰ ਸਿੰਘ, ਰੁਪਿੰਦਰ ਸ਼ਰਮਾ, ਡ੍ਰਾਈਵਰ ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ ਟੀਮ ਸਮੇਤ ਮੌਕੇ ਟਤੇ ਪਹੁੰਚ ਗਏ ਤੇ ਦੇਰ ਰਾਤ ਲਗਭਗ ਢਾਈ ਵਜੇ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਅੱਗ ਬੁਝਾਈ। ਪਰ ਉਦੋਂ ਤੱਕ ਸਭ ਕੁਝ ਜਲ ਕੇ ਸੁਆਹ ਹੋ ਚੁੱਕਾ ਸੀ।

ਇਸ ਘਟਨਾ ‘ਚ ਦੁਕਾਨਦਾਰ ਦਾ ਨਾਲ ਹੀ ਸਥਿਤ ਘਰ ਦੀ ਗੈਲਰੀ ‘ਚ ਖੜ੍ਹਾ ਮੋਟਰਸਾਈਕਲ ਵੀ ਸੜ ਗਿਆ। ਕਰਿਆਨਾ ਦੁਕਾਨਦਾਰ ਰਵਿੰਦਰ ਕੁਮਾਰ ਪੁੱਤਰ ਸੋਹਣ ਲਾਲ ਅਨੁਸਾਰ ਅੱਗ ਲੱਗਣ ਨਾਲ ਉਸਦਾ ਲਗਭਗ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਮੌਕੇ ਤੋਂ ਤਿੰਨ ਸਿਲੰਡਰ ਵੀ ਬਚਾ ਲਏ ਗਏ। ਨਹੀਂ ਤਾਂ ਹੋਰ ਵੱਡਾ ਹਾਦਸਾ ਹੋ ਸਕਦਾ ਸੀ।