ਮੁਕਤਸਰ, 21 ਸਤੰਬਰ | ਥਾਂਦੇਵਾਲਾ ਹੈੱਡ ‘ਤੇ ਬੱਸ ਹਾਦਸੇ ‘ਚ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਜੋਂ ਹੋਈ ਹੈ, ਜੋ ਕਿ ਲੈਬ ਵਿਚ ਕੰਮ ਕਰਦਾ ਸੀ। ਇਸ ਲੜਕੇ ਦਾ ਪਰਿਵਾਰ ਪਿਛਲੇ 2 ਦਿਨਾਂ ਤੋਂ ਆਪਣੇ ਲੜਕੇ ਦੀ ਭਾਲ ਲਈ ਨਹਿਰ ਉਪਰ ਪੁੱਜਿਆ ਹੋਇਆ ਸੀ।
ਰਾਜਿੰਦਰ ਨਿਊ ਦੀਪ ਟਰੈਵਲ ਕੰਪਨੀ ਦੀ ਬੱਸ ਵਿਚ ਖੂਨ ਦੇ ਸੈਂਪਲ ਲੈਣ ਲਈ ਰੋਜ਼ਾਨਾ ਮੁਕਤਸਰ ਤੋਂ ਕੋਟਕਪੂਰਾ ਜਾਂਦਾ ਸੀ। ਘਟਨਾ ਵਾਲੇ ਦਿਨ ਰਾਜਿੰਦਰ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਸਾਈਡ ਬੱਸ ਵਿਚ ਸਵਾਰ ਸੀ, ਜਿਸ ਦੀ ਬੱਸ ਹਾਦਸੇ ਦੌਰਾਨ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਹੈ। ਬੱਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੁਣ 9 ਹੋ ਗਈ ਹੈ।