ਕਰੀਮਿਕਾ ਦੀ ਮਾਲਕਣ ਮਿਸੇਜ਼ ਬੈਕਟਰ ਨੂੰ ਮਿਲਿਆ ਪਦਮਸ਼੍ਰੀ, ਪੜ੍ਹੋ ਕਿਵੇਂ 300 ਰੁਪਏ ਨਾਲ ਸ਼ੁਰੂਆਤ ਕਰਕੇ ਕਾਇਮ ਕੀਤਾ 700 ਕਰੋੜ ਰੁਪਏ ਦਾ ਐਂਪਾਇਰ

0
2249

ਸੌਰਵ ਅਰੋੜਾ | ਜਲੰਧਰ

ਲੁਧਿਆਣਾ ਦੀ ਰਹਿਣ ਵਾਲੀ ਸ਼੍ਰੀਮਤੀ ਰਜਨੀ ਬੈਕਟਰ ਨੂੰ ਰਾਸ਼ਟਰਪਤੀ ਨੇ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਹੈ। ਮਿਸੇਜ਼ ਬੈਕਟਰ ਨੇ ਘਰ ਦੇ ਵਿਹੜੇ ਤੋਂ ਆਪਣੇ ਬੇਕਿੰਗ ਦੇ ਸ਼ੌਕ ਦੀ ਸ਼ੁਰੂਆਤ ਕੀਤੀ ਤੇ ਇਸਨੂੰ 700 ਕਰੋੜ ਦੇ ਬਿਜ਼ਨੈੱਸ ਐਂਪਾਇਰ ਤਕ ਪਹੁੰਚਾਇਆ।

ਰਜਨੀ ਬੈਕਟਰ ਨੂੰ ਅੱਜ ਲੋਕ ਮਿਸੇਜ਼ ਬੈਕਟਰ ਦੇ ਨਾਂ ਨਾਲ ਜਾਣਦੇ ਹਨ। ਉਨ੍ਹਾਂ ਦਾ ਜਨਮ ਕਰਾਚੀ ਵਿਚ ਹੋਇਆ। 47 ਦੀ ਵੰਡ ਤੋਂ ਬਾਅਦ ਪਰਿਵਾਰ ਭਾਰਤ ਆ ਗਿਆ ਸੀ। 17 ਸਾਲ ਦੀ ਉਮਰ ਵਿਚ ਇਨ੍ਹਾਂ ਦਾ ਵਿਆਹ ਲੁਧਿਆਣਾ ਦੇ ਧਰਮਵੀਰ ਬੈਕਟਰ ਨਾਲ ਹੋਇਆ।

ਮਿਸੇਜ਼ ਬੈਕਟਰ ਨੂੰ ਬੇਕਿੰਗ ਦਾ ਸ਼ੌਕ ਬਹੁਤ ਪਹਿਲਾਂ ਤੋਂ ਸੀ ਤੇ ਘਰ ਦੇ ਮੈਂਬਰਾਂ ਨੂੰ ਕੁਕੀਜ਼, ਬਿਸਕੁਟ ਬਣਾ ਕੇ ਖੁਆਉਂਦੇ ਰਹਿੰਦੇ ਸਨ। ਘਰ ‘ਚ ਉਨ੍ਹਾਂ ਦੀ ਤਾਰੀਫ ਵੀ ਹੁੰਦੀ ਸੀ। ਇਸੇ ਤੋਂ ਹੌਸਲਾ ਲੈਂਦੇ ਹੋਏ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖਲਾ ਲੈ ਕੇ ਆਪਣੇ ਬੇਕਿੰਗ ਦੇ ਸ਼ੌਕ ਨੂੰ ਆਪਣਾ ਕਿੱਤਾ ਬਣਾਇਆ। ਕੋਰਸ ਕਰਨ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਵਿਹੜੇ ਵਿੱਚ ਹੀ ਬੇਕਰੀ ਪ੍ਰੋਡਕਟਸ ਬਣਾਉਣੇ ਸ਼ੁਰੂ ਕੀਤੇ ਤੇ ਇਸ ਸ਼ੁਰੂਆਤ ਨੂੰ ਪਰਿਵਾਰ ਤੇ ਮਿੱਤਰਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਕੁਝ ਕਮਾਈ ਵੀ ਹੋਈ। ਇਸੇ ਕਮਾਈ ਨਾਲ ਉਨ੍ਹਾਂ 300 ਰੁਪਏ ਦਾ ਇਕ ਓਵਨ ਖਰੀਦਿਆ ਤੇ ਲੋਕਲ ਮੇਲਿਆਂ ਵਿਚ ਸਟਾਲ ਲਾਉਣੇ ਸ਼ੁਰੂ ਕਰ ਦਿਤੇ।

ਲੋਕਾਂ ਨੂੰ ਉਨ੍ਹਾਂ ਦੇ ਬਣਾਏ ਬਨਸ, ਕੁਕੀਜ਼ ਬਹੁਤ ਪਸੰਦ ਵੀ ਆਏ। ਕਈ ਵਾਰ ਘਾਟਾ ਵੀ ਹੋਇਆ ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ ਤੇ ਮਿਹਨਤ ਜਾਰੀ ਰੱਖੀ।

ਸੰਨ 1978 ਵਿਚ ਕੰਮ ਨੂੰ ਅੱਗੇ ਵਧਾਉਣ ਲਈ ਆਪਣੇ ਪਤੀ ਤੋਂ 20 ਹਜ਼ਾਰ ਰੁਪਏ ਲਏ। ਲੁਧਿਆਣਾ ਵਿਚ ਉਨ੍ਹਾਂ ਦੀ ਪੁਸ਼ਤੈਨੀ ਜ਼ਮੀਨ ਤਾਂ ਸੀ ਹੀ, ਜਿਸ ਤੇ ਆਈਸ ਕਰੀਮ ਯੂਨਿਟ ਸ਼ੁਰੂ ਕਰ ਲਿਆ। 80 ਦੇ ਦਹਾਕੇ ਵਿਚ ਪੰਜਾਬ ਦੇ ਹਾਲਾਤ ਵਿਗੜ ਗਏ ਤੇ ਜਿਆਦਾਤਰ ਇੰਡਸਟਰੀ ਹੋਰਨਾਂ ਸੂਬਿਆਂ ਵਿਚ ਚਲੀ ਗਈ।

ਇਹੀ ਉਹ ਸਮਾਂ ਸੀ ਜਦੋਂ ਮਿਸੇਜ਼ ਬੈਕਟਰ ਦੇ ਸੁਪਨਿਆਂ ਨੇ ਰਫਤਾਰ ਫੜੀ। ਉਨ੍ਹਾਂ ਆਪਣੀ ਕੰਪਨੀ ਦਾ ਨਾਂ ਕਰੀਮਿਕਾ ਰੱਖਿਆ, ਜਿਸ ਦਾ ਮਤਲਬ ਹੈ ਕਰੀਮ ਦਾ ਸਾਮਾਨ। 1995 ਵਿਚ ਜਦੋਂ ਮੈਕਡੋਨਲਡ ਇੰਡੀਆ ਆਇਆ ਤਾਂ ਕਰੀਮਿਕਾ ਦਾ ਨਾਂ ਪੂਰੇ ਭਾਰਤ ਵਿਚ ਬਨਸ ਤੇ ਬ੍ਰੈਡ ਬਣਾਉਣ ਲਈ ਮਸ਼ਹੂਰ ਹੋ ਚੁੱਕਾ ਸੀ।

ਬਸ ਫਿਰ ਕੀ ਸੀ, ਮੈਕਡੋਨਲਡ ਨੇ ਕਰੀਮਿਕਾ ਨਾਲ ਬਨਸ ਬਣਾ ਕੇ ਦੇਣ ਦਾ ਕਰਾਰ ਕਰ ਲਿਆ। ਇਸੇ ਸਾਲ ਕਰੀਮਿਕਾ ਦਾ ਟਰਨ ਓਵਰ 100 ਕਰੋੜ ਦੇ ਅੰਕੜੇ ਨੂੰ ਛੂਹ ਗਿਆ।

Video : ਰਜਨੀ ਬੈਕਟਰ ਦੀ ਪੂਰੀ ਕਹਾਣੀ ਵੇਖੋ