MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਨੂੰ ਦੱਸਿਆ ਖੁੱਡ ‘ਚ ਲੁਕਿਆ ਚੂਹਾ, ਕਿਹਾ- ਸਿੱਖ ਕੌਮ ਨੂੰ ਲਾਇਆ ਦਾਗ

0
492

ਲੁਧਿਆਣਾ| ਪੰਜਾਬ ਵਿਚ ਚੱਲ ਰਹੇ ਇਸ ਮਾਹੌਲ ਵਿਚਕਾਰ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਇਕ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ ਅੰਮ੍ਰਿਤਪਾਲ ਪੰਜਾਬ ਪੁਲਿਸ ਦਾ ਭਗੌੜਾ ਹੈ ਅਤੇ ਇਸ ਸਮੇਂ ਸਿੱਖ ਕੌਮ ਉਤੇ ਦਾਗ ਲਾ ਕੇ ਚੂਹੇ ਵਾਂਗ ਕਿਸੇ ਖੁੱਡ ਵਿਚ ਲੁਕਿਆ ਹੈ। ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਨੌਜਵਾਨਾਂ ਨੂੰ ਲਗਾਤਾਰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਲਈ ਉਕਸਾਉਂਦਾ ਸੀ।

ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਵਿਦੇਸ਼ ਤੋਂ ਸਿੱਖ ਦੇ ਭੇਸ ਵਿਚ ਆਇਆ ਸੀ। ਜੋ ਗੁਰੂ ਦਾ ਸੱਚਾ ਸਿੱਖ ਹੈ, ਉਹ ਮੈਦਾਨ ਛੱਡ ਕੇ ਨਹੀਂ ਭੱਜਦਾ। ਅੰਮ੍ਰਿਤਪਾਲ ਰੋਜ਼ਾਨਾ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਿਹਾ ਸੀ। ਅਕਸਰ ਨੌਜਵਾਨਾਂ ਨੂੰ ਕਿਹਾ ਕਰਦਾ ਸੀ ਕੀ ਜੇ ਪਹਿਲਾਂ ਸਿਰ ਦੇਣ ਦੀ ਗੱਲ ਆਵੇ ਤਾਂ ਮੈਂ ਦੇਵਾਂਗਾ। ਅੱਜ ਅੰਮ੍ਰਿਤਪਾਲ ਇਸ ਤਰ੍ਹਾਂ ਭੱਜਿਆ ਕਿ ਉਸਨੇ ਸਿੱਖਾਂ ਨੂੰ ਬਦਨਾਮ ਕੀਤਾ।

ਬਿੱਟੂ ਨੇ ਕਿਹਾ ਕਿ ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਖਾਲਿਸਤਾਨ ਲਈ ਕੁਰਬਾਨੀ ਦੇਣ ਦਾ ਸੱਦਾ ਦੇਣ ਵਾਲੇ ਅੰਮ੍ਰਿਤਪਾਲ ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ ਹੈ। ਦੱਸ ਦੇਈਏ ਕਿ ਇਹ ਗ੍ਰਿਫਤਾਰੀ ਥਾਣਾ ਅਜਨਾਲਾ ਉਤੇ ਹੋਏ ਹਮਲੇ ਦੇ ਮਾਮਲੇ ਵਿਚ ਕੀਤੀ ਗਈ ਹੈ। ਜਿਵੇਂ ਹੀ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਅੰਮ੍ਰਿਤਪਾਲ ਖੁਦ ਕਾਰ ਵਿਚ ਬੈਠ ਕੇ ਲਿੰਕ ਰੋਡ ਰਾਹੀਂ ਭੱਜ ਗਿਆ। ਲਗਭਗ 100 ਪੁਲਿਸ ਗੱਡੀਆਂ ਨੇ ਉਸਦਾ ਪਿੱਛਾ ਕੀਤਾ।

ਅੰਮ੍ਰਿਤਪਾਲ ਦੋ ਦਿਨਾਂ ਤੋਂ ਫਰਾਰ ਹੈ। ਇਸ ਦੌਰਾਨ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਮੰਗਲਵਾਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।