ਪੰਜਾਬ ਵਕਫ ਬੋਰਡ ਦੀ ਕਾਰਜਪ੍ਰਣਾਲੀ ਤੋਂ ਪ੍ਰਦੇਸ਼ ਦੇ ਮੁਸਲਮਾਨਾਂ ‘ਚ ਖੁਸ਼ੀ ਦੀ ਲਹਿਰ

0
2840


ਜਲੰਧਰ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ‘ਚ ਪਹਿਲੀ ਵਾਰ ਅਜਿਹਾ ਸੰਭਵ ਹੋਇਆ ਹੈ ਕਿ ਸੂਬੇ ਦੇ ਮੁਸਲਮਾਨ ਵਰਗ ਦੇ ਲੋਕ ਪੰਜਾਬ ਵਕਫ ਬੋਰਡ ਦੀ ਮੌਜੂਦਾ ਕਾਰਜਪ੍ਰਣਾਲੀ ਤੋਂ ਖੁਸ਼ ਨਜ਼ਰ ਆ ਰਹੇ ਹਨ, ਇਸ ਨੂੰ ਵੇਖਦੇ ਹੋਏ ਅੱਜ ਇੱਥੇ ਪੀ.ਏ. ਪੀ. ਜਲੰਧਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਵਕਫ ਬੋਰਡ ਦੇ ਐਡਮਿਨਿਸਟਰੇਟਰ ਜਨਾਬ ਐਮ. ਐਫ. ਫਾਰੂਕੀ (ਆਈਪੀਐਸ ) ਏਡੀਜੀਪੀ ਦਾ ਵਿਸ਼ੇਸ਼ ਸਨਮਾਨ ਕੀਤਾ।

ਇਸ ਮੌਕੇ ‘ਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਜਨਾਬ ਫਾਰੂਕੀ ਸਾਹਿਬ ਦੀ ਅਗਵਾਈ ‘ਚ ਪੰਜਾਬ ਵਕਫ ਬੋਰਡ ਚੰਗਾ ਕੰਮ ਕਰ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਕਫ ਬੋਰਡ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਮੁਸਲਮਾਨਾਂ ਨੂੰ ਮਸਜਿਦਾਂ ਅਤੇ ਮਦਰੱਸਿਆਂ ਲਈ ਫੰਡ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਦੇਖ-ਰੇਖ ਵੀ ਪਹਿਲਾਂ ਨਾਲੋਂ ਜ਼ਿਆਦਾ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਅਤੇ ਆਬਾਦੀ ਦੇ ਲਿਹਾਜ਼ ਨਾਲ ਕਬਰਿਸਤਾਨ ਰਿਜ਼ਰਵ ਕੀਤੇ ਜਾਣਾ ਬਹੁਤ ਹੀ ਚੰਗਾ ਕਾਰਜ ਹੈ। ਫਾਰੂਕੀ ਸਾਹਿਬ ਨੇ ਵਕਫ ਬੋਰਡ ਦੀ ਹੁਣ ਤੱਕ ਚੰਗੀ ਅਗਵਾਈ ਕੀਤੀ ਹੈ, ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ।

ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਨ੍ਹਾਂ ਦੀ ਰਹਿਨੁਮਾਈ ਹੇਠ ਵਕਫ ਬੋਰਡ ਆਉਣ ਵਾਲੇ ਦਿਨਾਂ ‘ਚ ਇਤਿਹਾਸਿਕ ਕਦਮ ਚੁੱਕੇਗਾ ਜੋ ਕਿ ਪੰਜਾਬ ਦੇ ਹਰ ਵਰਗ ਵੱਲੋਂ ਸਰਾਹੇ ਜਾਂਦੇ ਰਹਿਣਗੇ। ਇਸ ਮੌਕੇ ‘ਤੇ ਉਨ੍ਹਾਂ ਫਾਰੂਕੀ ਸਾਹਿਬ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਵਕਫ ਬੋਰਡ ਵੱਲੋਂ ਘੱਟ ਤੋਂ ਘੱਟ ਇੱਕ-ਇੱਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਖੋਲ੍ਹਿਆ ਜਾਵੇ ਤਾਂ ਕਿ ਸਿੱਖਿਆ ਦੇ ਖੇਤਰ ‘ਚ ਮੁਸਲਮਾਨ ਬੱਚੇ ਵੀ ਅੱਗੇ ਵਧ ਸਕਣ।

ਇਸ ਮੌਕੇ ਐਮ.ਐਫ. ਫਾਰੂਕੀ ਨੇ ਕਿਹਾ ਕਿ ਮੈਂ ਸ਼ਾਹੀ ਇਮਾਮ ਪੰਜਾਬ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਅੱਜ ਇਹ ਸਨਮਾਨ ਦਿੱਤਾ ਹੈ ਅਤੇ ਮੈਂ ਇਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪੰਜਾਬ ਦੇ ਮੁਸਲਮਾਨਾਂ ਦੇ ਜੋ ਵੀ ਕੰਮ ਹੋਣਗੇ, ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਾਂਗਾ।