ਗੜ੍ਹਸ਼ੰਕਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ‘ਤੇ ਐਤਵਾਰ ਸਵੇਰੇ ਕਰੀਬ ਸਾਢੇ ਛੇ ਵਜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਕ ਮੋਟਰਸਾਈਕਲ ਅਤੇ ਸਕੂਟੀ ‘ਤੇ ਸਵਾਰ 4 ਵਿਅਕਤੀ ਲੁਧਿਆਣਾ ਤੋਂ ਮੰਦਰ ਬਾਬਾ ਬਾਲਕ ਨਾਥ ਜੀ ਵਿਖੇ ਮੱਥਾ ਟੇਕਣ ਜਾ ਰਹੇ ਸਨ।
ਜਦੋਂ ਉਹ ਪਿੰਡ ਦਾਰਾਪੁਰ ਲਾਗੇ ਇਕ ਟਰੱਕ ਨੂੰ ਓਵਰਟੇਕ ਕਰਨ ਲੱਗੇ ਤਾਂ ਅਚਾਨਕ ਟਰੱਕ ਦੀ ਫੇਟ ਵੱਜਣ ਨਾਲ ਸੜਕ ‘ਤੇ ਡਿੱਗ ਗਏ, ਜਿਸ ਕਾਰਨ ਮੋਟਰਸਾਈਕਲ ਸਵਾਰ ਚੰਦਨ ਕੁਮਾਰ (33) ਪੁੱਤਰ ਖੇਮ ਚੰਦ ਸ਼ਰਮਾ ਵਾਸੀ ਲੁਧਿਆਣਾ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਸੁਰਜੀਤ ਕੁਮਾਰ ਪੁੱਤਰ ਰਾਮ ਪਾਲ ਬਾਬੂ ਅਤੇ ਭਗਵਾਨ ਪੁੱਤਰ ਹਲੋਈ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।