ਚੰਡੀਗੜ੍ਹ | ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਦੂਜਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ ’ਚ ਕਿਸਾਨਾਂ ਵੱਲੋਂ ਮੋਬਾਈਲ ਟਾਵਰ ਤੋੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੰਬਾਨੀ ਤੇ ਅਡਾਨੀ ਦੇ ਵਿਰੋਧ ’ਚ ਪੰਜਾਬ ਵਿੱਚ ਕਈ ਸਥਾਨਾਂ ਉੱਤੇ ਰਿਲਾਇੰਸ-ਜੀਓ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ; ਜਿਸ ਕਾਰਨ ਦੂਰਸੰਚਾਰ ਸੰਪਰਕ ਵਿਵਸਥਾ ਉੱਤੇ ਅਸਰ ਪਿਆ।
ਹੁਣ ਤੱਕ 1,411 ਟਾਵਰ ਤੋੜੇ ਜਾ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰ ਚੁੱਕੇ ਹਨ ਪਰ ਉਸ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ। ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ 176 ਤੋਂ ਵੱਧ ਦੂਰਸੰਚਾਰ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ।
ਇਨ੍ਹਾਂ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਪਿੱਛੇ ਦੀ ਕਹਾਣੀ ਇਹ ਦੱਸੀ ਜਾ ਰਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਜਿਹੇ ਉਦਯੋਗਪਤੀਆਂ ਨੂੰ ਲਾਭ ਹੋਵੇਗਾ। ਇਸੇ ਲਈ ਪੰਜਾਬ ’ਚ ਵੱਖੋ-ਵੱਖਰੀਆਂ ਥਾਵਾਂ ਉੱਤੇ ਰਿਲਾਇੰਸ ਜੀਓ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
ਟਾਵਰਾਂ ਉੱਤੇ ਅਜਿਹੇ ਹਮਲਿਆਂ ਕਾਰਨ ਦੂਰਸੰਚਾਰ ਸੇਵਾਵਾਂ ਉੱਤੇ ਅਸਰ ਪੈ ਰਿਹਾ ਹੈ। ਪੁਲਿਸ ਵੱਲੋਂ ਕਥਿਤ ਤੌਰ ਉੱਤੇ ਕੋਈ ਕਾਰਵਾਈ ਨਾ ਕਰਨ ਕਰਕੇ ਇਹ ਸੇਵਾਵਾਂ ਬਹਾਲ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।