ਜਲੰਧਰ ਜ਼ਿਲੇ ਦੇ 11 ਓਟ ਕਲੀਨਿਕਾਂ ‘ਚ 12000 ਤੋਂ ਵੱਧ ਨਸ਼ਾ ਪੀੜਤ ਲੈ ਰਹੇ ਦਵਾਈ, ਨਸ਼ਾ ਛੱਡਣ ਲਈ ਕੀਤਾ ਜਾ ਸਕਦਾ ਸੰਪਰਕ

0
2501

ਜਲੰਧਰ | ਜਿਲੇ ਵਿੱਚ ਸੂਬਾ ਸਰਕਾਰ ਵੱਲੋਂ 11 ਓਟ ਕਲੀਨਿਕ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਨਸ਼ੇ ਦੇ ਆਦਿ ਨੌਜਵਾਨ ਦਵਾਈ ਲੈ ਕੇ ਇਲਾਜ ਕਰਵਾ ਰਹੇ ਹਨ।

ਓਟ ਕਲੀਨਿਕ ਦੇ ਨੋਡਲ ਅਫ਼ਸਰ ਡਾ. ਅਮਨ ਸੂਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਆਰੰਭੀ ਗਈ ਮੁਹਿੰਮ ਤਹਿਤ ਨਸ਼ਿਆਂ ‘ਤੇ ਨਿਰਭਰ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸੂਬੇ ਵਿੱਚ ਆਊਟ ਪੇਸ਼ੈਂਟ ਓਪਿਆਡ ਅਸਿਸਟਡ ਟਰੀਟਮੈਂਟ (ਓਟ) ਕਲੀਨਿਕ ਸਥਾਪਤ ਕੀਤੇ ਗਏ ਹਨ।

ਜ਼ਿਲ੍ਹਾ ਜਲੰਧਰ ਵਿਖੇ ਸ਼ੇਖੇ, ਬਸਤੀ ਗੁਜਾਂ ਸਮੇਤ ਸੀ.ਐਚ.ਸੀ. ਆਦਮਪੁਰ, ਸੀ.ਐਚ.ਸੀ. ਕਾਲਾਬੱਕਰਾ, ਸੀ.ਐਚ.ਸੀ. ਕਰਤਾਰਪੁਰ, ਸੀ.ਐਚ.ਸੀ. ਨਕੋਦਰ, ਸੀ.ਐਚ.ਸੀ. ਨੂਰਮਹਿਲ, ਸੀ.ਐਚ.ਸੀ. ਲੋਹੀਆਂ, ਸੀ.ਐਚ.ਸੀ. ਅੱਪਰਾ, ਸੀ.ਐਚ.ਸੀ. ਫਿਲੌਰ ਅਤੇ ਸੀ.ਐਚ.ਸੀ. ਸ਼ਾਹਕੋਟ ਵਿਖੇ 11 ਓਟ ਕਲੀਨਿਕ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ 15000 ਤੋਂ ਵੱਧ ਨਸ਼ਾ ਪੀੜਤ ਮਰੀਜ਼ ਰਜਿਸਟਰਡ ਹਨ ਅਤੇ 12000 ਨਸ਼ਾ ਪੀੜਤ ਮਰੀਜ਼ਾਂ ਨੂੰ ਨਿਯਮਿਤ ਤੌਰ ‘ਤੇ ਦਵਾਈ ਦਿੱਤੀ ਜਾਂਦੀ ਹੈ।

ਇਸ ਤੋਂ ਇਲਾਵਾ ਲੰਮਾ ਪਿੰਡ, ਜਲੰਧਰ ਦਾ ਰਹਿਣ ਵਾਲਾ ਨੌਜਵਾਨ ਜੈ (ਕਾਲਪਨਿਕ ਨਾਂ), ਜਿਹੜਾ ਕਿ ਕਾਫੀ ਸਮੇਂ ਤੋਂ ਨਸ਼ਿਆਂ ‘ਤੇ ਨਿਰਭਰ ਸੀ, ਪਿਛਲੇ ਦੋ ਸਾਲਾਂ ਤੋਂ ਨਸ਼ਾ ਮੁਕਤ ਹੋ ਕੇ ਆਪਣੇ ਪਰਿਵਾਰ ਨਾਲ ਸਿਹਤਮੰਦ ਜ਼ਿੰਦਗੀ ਗੁਜ਼ਾਰ ਰਿਹਾ ਹੈ।

ਉਸ ਨੇ ਦੱਸਿਆ ਕਿ ਮਾੜੀ ਸੰਗਤ ਵਿੱਚ ਪੈਣ ਕਾਰਨ ਉਹ ‘ਡੋਡੇ’ ਅਤੇ ‘ਚਿੱਟੇ’ ਦਾ ਨਸ਼ਾ ਕਰਨ ਲੱਗ ਗਿਆ ਸੀ। ਜਦੋਂ ਉਹ ਨਸ਼ਾ ਕਰਦਾ ਸੀ ਤਾਂ ਆਪਣੇ ਆਪ ਨੂੰ ਇੱਕ ਮਰੀਜ਼ ਵਾਂਗ ਮਹਿਸੂਸ ਕਰਦਾ ਸੀ ਅਤੇ ਕਿਸੇ ਕੰਮ ਵਿੱਚ ਉਸ ਦਾ ਦਿਲ ਨਹੀਂ ਸੀ ਲੱਗਦਾ ਪਰ ਹੁਣ ਜਦੋਂ ਤੋਂ ਉਸ ਨੇ ਨਸ਼ਿਆਂ ਦਾ ਖਹਿੜਾ ਛੱਡ ਕੇ ਆਮ ਜ਼ਿੰਦਗੀ ਨੂੰ ਅਪਣਾਇਆ ਹੈ, ਉਹ ਸੁਖਦ ਜੀਵਨ ਜੀਣ ਲੱਗਾ ਹੈ।

ਆਪਣਾ ਕਾਰੋਬਾਰ ਕਰਨ ਵਾਲੇ ਇਸ ਨੌਜਵਾਨ ਨੇ ਕਿਹਾ ਕਿ ”ਮੈਂ ਆਪਣੇ ਪਰਿਵਾਰ ਲਈ ਨਸ਼ੇ ਛੱਡ ਕੇ ਤੰਦਰੁਸਤ ਜੀਵਨ ਸ਼ੈਲੀ ਅਪਨਾਉਣ ਦਾ ਫੈਸਲਾ ਕੀਤਾ ਅਤੇ ਨਸ਼ਾ ਛੱਡ ਕੇ ਦੋ ਸਾਲਾਂ ਤੋਂ ਵਧੀਆ ਜ਼ਿੰਦਗੀ ਗੁਜ਼ਾਰ ਰਿਹਾ ਹਾਂ, ਜਿਸ ਕਰਕੇ ਮੇਰੀ ਪਤਨੀ ਅਤੇ ਬੱਚੀ ਬੇਹੱਦ ਖੁਸ਼ ਹਨ।”

ਉਸ ਨੇ ਦੱਸਿਆ ਕਿ ਨਸ਼ਾ ਮੁਕਤ ਹੋਣ ਲਈ ਉਸ ਨੇ ਓਟ ਸੈਂਟਰ ਸ਼ੇਖੇ ਵਿਖੇ ਪਹੁੰਚ ਕੀਤੀ, ਜਿਥੋਂ ਦੇ ਮੈਡੀਕਲ ਅਫ਼ਸਰ ਡਾ. ਪਰਮਵੀਰ ਸਿੰਘ ਤੇ ਹੋਰ ਸਟਾਫ਼ ਨੇ ਰੋਜ਼ਾਨਾ ਦਵਾਈ ਦੇ ਕੇ ਉਸ ਦੀ ਨਸ਼ਿਆਂ ਦੀ ਆਦਤ ਛੁਡਾ ਦਿੱਤੀ ਅਤੇ ਹੁਣ ਉਸ ਨੂੰ ਨਸ਼ੇ ਦੀ ਕੋਈ ਤੋੜ ਨਹੀਂ ਲੱਗਦੀ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਜਾਂ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਓਟ ਕਲੀਨਿਕਾਂ ਵਿਖੇ ਸੰਪਰਕ ਕਰ ਸਕਦਾ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।