PATEL HOSPITAL ਦੀ ਲੈਂਬ ‘ਚੋਂ ਬਾਕੀ ਲੈਬਜ਼ ਨਾਲੋਂ ਨਿਕਲ ਰਹੇ ਵੱਧ ਕੋਰੋਨਾ ਕੇਸ, ਹੈਲਥ ਵਿਭਾਗ ਨੇ ਜਾਂਚ ਲਈ ਚਿੱਠੀ ਲਿਖੀ, ਪੀਜੀਆਈ ਕਰੇਗਾ ਪਟੇਲ ਦਾ ਔਡਿਟ

0
7201

ਗੁਰਪ੍ਰੀਤ ਡੈਨੀ | ਜਲੰਧਰ

ਪ੍ਰਾਈਵੇਟ ਲੈਬਾਂ ਵਿਚ ਹੋ ਰਹੇ ਕੋਰੋਨਾ ਟੈਸਟਾਂ ਵਿਚੋਂ ਸਭ ਤੋਂ ਵੱਧ ਪਾਜ਼ੀਟਿਵ ਕੇਸ ਪਟੇਲ ਹਸਪਤਾਲ ਤੋਂ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਇਸ ਦੀ ਜਾਂਚ ਕਰਵਾਉਣ ਜਾ ਰਹੀ ਹੈ। ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਦੀ ਸਪੈਸ਼ਲ ਸੈਕਟਰੀ ਇਸ਼ਾ ਕਾਲੀਆ ਨੇ ਪੀਜੀਆਈ ਦੇ ਡਾਇਰੈਕਟਰ ਨੂੰ ਪਟੇਲ ਹਸਪਤਾਲ ਦੇ ਔਡਿਟ ਲਈ ਚਿੱਠੀ ਲਿਖ ਦਿੱਤੀ ਹੈ।

ਚਿੱਠੀ ਵਿਚ ਦੱਸਿਆ ਗਿਆ ਹੈ ਕਿ ਪਟੇਲ ਹਸਪਤਾਲ ਕੋਰੋਨਾ ਟੈਸਟ ਕਰ ਰਿਹਾ ਹੈ ਤੇ ਧਿਆਨ ਵਿਚ ਆਇਆ ਹੈ ਕਿ ਇਥੋਂ 26.34 ਪ੍ਰਤੀਸ਼ਤ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਪਾਜ਼ੀਟਿਵ ਮਰੀਜ਼ਾਂ ਦੀ ਇਹ ਦਰ ਬਾਕੀ ਕਿਸੇ ਵੀ ਪ੍ਰਾਇਵੇਟ ਤੇ ਨਿੱਜੀ ਲੈਬ ਨਾਲੋਂ ਬਹੁਤ ਜ਼ਿਆਦਾ ਹੈ। ਇਸ ਲਈ ਪਟੇਲ ਹਸਪਤਾਲ ਦਾ ਔਡਿਟ ਹੋਵੇਗਾ।

ਇਸ ਤੋਂ ਪਹਿਲਾਂ ਜਲੰਧਰ ਦਾ ਜ਼ਿਲ੍ਹਾ ਪ੍ਰਸ਼ਾਸਨ ਇਕ ਅਜਿਹੇ ਮਾਮਲੇ ਦੀ ਵੀ ਜਾਂਚ ਕਰ ਰਿਹਾ ਹੈ, ਜਿਸ ਵਿਚ ਪਟੇਲ ਹਸਪਤਾਲ ਵਲੋਂ ਕੋਰੋਨਾ ਟੈਸਟ ਦੀ ਫੀਸ ਸਰਕਾਰ ਵਲੋਂ ਤੈਅ ਫੀਸ ਤੋਂ ਜ਼ਿਆਦਾ ਲੈਣ ਦੀ ਸ਼ਿਕਾਇਤ ਕੀਤੀ ਸੀ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਵੱਧ ਪੈਸੇ ਲੈਣ ਵਾਲੇ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ।

ਕਿਸ ਲੈਬ ਤੋਂ ਕਿੰਨੇ ਸੈਂਪਲ ਅਤੇ ਕਿੰਨੇ ਮਰੀਜ਼ ਮਿਲੇ

ਹੈਲਥ ਵਿਭਾਗ ਵਲੋਂ ਜਾਰੀ ਲਿਸਟ ਮੁਤਾਬਿਕ ਪਟੇਲ ਹਸਪਤਾਲ ਨੇ ਹੁਣ ਤੱਕ 205 ਸੈਂਪਲ ਲਏ ਜਿਹਨਾਂ ਵਿਚੋਂ 54 ਮਾਮਲੇ ਪਾਜ਼ੀਟਿਵ ਦੱਸੇ ਗਏ। ਇਹ ਦਰ 26.34 ਫੀਸਦੀ ਬਣਦੀ ਹੈ ਜਦਕਿ ਬਾਕੀ ਕਿਸੇ ਵੀ ਨਿੱਜੀ ਲੈਬ ਤੋਂ 9 ਫੀਸਦੀ ਤੋਂ ਜ਼ਿਆਦਾ ਕੋਰੋਨਾ ਮਰੀਜ਼ ਨਹੀਂ ਮਿਲੇ।

ਪਟੇਲ ਹਸਪਤਾਲ ਦੇ ਡਾ. ਸ਼ਗੁਨ ਸੂਦ ਨੇ ਸਵਾਲ ਸੁਣ ਕੇ ਕੱਟਿਆ ਫੋਨ

ਪਟੇਲ ਹਸਪਤਾਲ ਦੀ ਸ਼ਿਕਾਇਤ ਬਾਰੇ ਜਦੋਂ ਅਸੀਂ ਉਥੋਂ ਦੇ ਡਾਕਟਰ ਸ਼ਗੁਨ ਸੂਦ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਪੂਰੀ ਗੱਲ ਸੁਣਨ ਤੋਂ ਬਾਅਦ no comment ਕਹਿ ਕੇ ਫੋਨ ਕੱਟ ਦਿੱਤਾ। ਕਈ ਵਾਰ ਦੁਬਾਰਾ ਕਾਲ ਅਤੇ ਮੈਸੇਜ ਕਰਨ ਤੇ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਜੇਕਰ ਡਾ. ਸ਼ਗੁਨ ਸੂਦ ਜਾਂ ਪਟੇਲ ਹਸਪਤਾਲ ਵਲੋਂ ਕੋਈ ਹੋਰ ਇਸ ਮਸਲੇ ‘ਤੇ ਆਪਣਾ ਪੱਖ ਰੱਖਣਾ ਚਾਂਹੇਗਾ ਤਾਂ ਅਸੀਂ ਇੱਥੇ ਅਪਡੇਟ ਕਰ ਦਿਆਂਗੇ।