ਮੂਸੇਵਾਲਾ ਦੇ ਪਿਤਾ ਦਾ ਗੈਂਗਸਟਰਾਂ ਨੂੰ ਕਰਾਰਾ ਜਵਾਬ, ‘ਮੇਰੇ ਕੋਲ ਗੁਆਉਣ ਲਈ ਹੁਣ ਕੁਝ ਨਹੀਂ, ਚੁੱਪ ਨਹੀਂ ਬੈਠਾਂਗਾ’

0
4925

ਮਾਨਸਾ। ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਉਸਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਲਾਰੈਂਸ ਗੈਂਗ ਦੇ ਸ਼ੂਟਰ ਦੇ ਨਾਂ ‘ਤੇ ਭੇਜੀ ਗਈ ਮੇਲ ‘ਚ ਕਿਹਾ ਗਿਆ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ‘ਤੇ ਕੁਝ ਨਾ ਕਹਿਣ। ਗਿਰੋਹ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਦੇ ਕਾਤਲ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਐਨਕਾਊਂਟਰ ਵੀ ਉਨ੍ਹਾਂ ਦੇ ਹੀ ਦਬਾਅ ਹੇਠ ਹੋਇਆ ਸੀ।
ਇਸ ‘ਤੇ ਮੂਸੇਵਾਲਾ ਦੇ ਪਿਤਾ ਦਾ ਜਵਾਬ ਵੀ ਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਮਾਸੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ। ਮੇਰੇ ਕੋਲ ਹੁਣ ਗੁਆਉਣ ਲਈ ਕੁਝ ਨਹੀਂ ਹੈ। ਮੈਂ ਕਿਸੇ ਦੀਆਂ ਧਮਕੀਆਂ ਤੋਂ ਨਹੀਂ ਡਰਦਾ। ਮੈਂ ਸਿੱਧੂ ਨੂੰ ਇਨਸਾਫ਼ ਦਿਵਾਵਾਂਗਾ। ਮੈਂ ਚੁੱਪ ਨਹੀਂ ਬੈਠਾਂਗਾ।

ਦੱਸ ਦੇਈਏ ਕਿ ਸ਼ੂਟਰ ਏਜੇ ਲਾਰੈਂਸ ਦੇ ਨਾਂ ‘ਤੇ ਇਹ ਧਮਕੀ ਸਿੱਧੂ ਮੂਸੇਵਾਲਾ ਦੀ ਈ-ਮੇਲ ਆਈਡੀ ‘ਤੇ ਭੇਜੀ ਗਈ ਹੈ। ਇਸ ਨੂੰ ਸੋਪੂ ਗਰੁੱਪ ਵੱਲੋਂ ਚਿਤਾਵਨੀ ਦੱਸਿਆ ਗਿਆ ਹੈ। ਧਮਕੀ ਦੇਣ ਵਾਲੇ ਨੇ ਲਿਖਿਆ- ਸੁਣੋ ਸਿੱਧੂ ਮੂਸੇਵਾਲਾ ਦੇ ਬਾਪ, ਲਾਰੈਂਸ, ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਬਾਰੇ ਕੁਝ ਵੀ ਬੋਲੇਗਾ ਤਾਂ ਪਤਾ ਵੀ ਨਹੀਂ ਲੱਗੇਗਾ। ਤੈਨੂੰ ਮਾਰ ਕੇ ਚਲੇ ਜਾਵਾਂਗੇ। ਤੂੰ ਤੇ ਤੇਰਾ ਪੁੱਤ ਇਸ ਦੇਸ਼ ਦੇ ਮਾਲਿਕ ਨਹੀਂ ਹੋ। ਜੋ ਤੁਸੀਂ ਚਾਹੋਗੇ, ਉਸ ਨੂੰ ਸੁਰੱਖਿਆ ਮਿਲੇਗੀ। ਤੇਰੇ ਪੁੱਤ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਤੇ ਅਸੀਂ ਤੇਰੇ ਪੁੱਤ ਨੂੰ ਮਾਰ ਦਿੱਤਾ। ਅਸੀਂ ਭੁੱਲੇ ਨਹੀਂ ਹਾਂ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਫੇਕ ਐਨਕਾਊਂਟਰ ਹੋਇਆ ਹੈ। ਤੈਨੂੰ ਵੀ ਨਹੀਂ ਭੁਲਣਾ ਚਾਹੀਦਾ ਕਿਉਂਕਿ ਇਹ ਸਭ ਤੇਰੇ ਦਬਾਅ ‘ਚ ਹੋਇਆ ਹੈ। ਸੌ ਗੱਲਾਂ ਦੀ ਇੱਕ ਗੱਲ, ਜੇ ਤੂੰ ਬਹੁਤਾ ਬੋਲਿਆ ਤਾਂ ਤੇਰਾ ਹਾਲ ਸਿੱਧੂ ਤੋੰ ਵੀ ਵੱਧ ਭਿਆਨਕ ਹੋਵੇਗਾ।

ਸਿੱਧੂ ਮੂਸੇਵਾਲਾ ਦੇ ਪਿਤਾ ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਦਾ ਮੁੱਦਾ ਕਈ ਵਾਰ ਉਠਾ ਚੁੱਕੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਆਮ ਆਦਮੀ ਲਈ ਬਣੇ ਕਾਨੂੰਨ ਦਾ ਫਾਇਦਾ ਉਠਾ ਰਹੇ ਹਨ। ਲਾਰੈਂਸ ਅਤੇ ਜੱਗੂ ‘ਤੇ ਇੰਨੇ ਪਰਚੇ ਦਰਜ ਹਨ, ਫਿਰ ਵੀ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਉਹ ਆਮ ਆਦਮੀ ਵਾਂਗ ਪੇਸ਼ੀ ‘ਤੇ ਕਿਉਂ ਨਹੀਂ ਜਾਂਦੇ?