ਮਾਨਸਾ। ਪਿਛਲੇ ਦਿਨੀ ਬੰਬੀਹਾ ਗਰੁੱਪ ਵੱਲੋਂ ਗੈਂਗ ਵਿੱਚ ਆਨਲਾਈਨ ਭਰਤੀ ਲਈ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਵਟਸਐਪ ਨੰਬਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੋਸਟ ਪਾਉਣ ਵਾਲੇ ਮੁਲਜ਼ਮ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਨੌਜਵਾਨ ਸੁਖਜੀਤ ਸਿੰਘ ਮਾਨਸਾ ਜ਼ਿਲ੍ਹੇ ਦੇ ਭੀਖੀ ਦਾ ਰਹਿਣ ਵਾਲਾ ਹੈ, ਜਿਸ ਕੋਲੋਂ ਪੁਲਿਸ ਨੇ ਮੋਬਾਈਲ ਆਈਫੋਨ ਜ਼ਬਤ ਕਰ ਲਿਆ ਹੈ, ਜਿਸ ਰਾਹੀਂ ਉਸ ਨੇ ਉਕਤ ਪੋਸਟ ਪਾਈ ਸੀ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ ਅਤੇ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਨੂੰ ਵੱਡਾ ਝਟਕਾ ਲੱਗਾ ਅਤੇ ਜਦੋਂ ਪਤਾ ਲੱਗਾ ਕਿ ਲਾਰੈਂਸ ਬਿਸ਼ਨੋਈ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਇਸ ਲਈ ਮੈਂ ਇਹ ਸਭ ਉਨ੍ਹਾਂ ਦੇ ਦੁਸ਼ਮਣ ਬੰਬੀਹਾ ਗਰੁੱਪ ਵਿੱਚ ਸ਼ਾਮਲ ਹੋਣ ਲਈ ਕੀਤਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਬੀਤੇ ਦਿਨ ਮਾਨਸਾ ਦੇ ਨਾਲ ਲੱਗਦੇ ਕਸਬਾ ਭੀਖੀ ਦੇ ਸੁਖਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਸ ਕੋਲੋਂ ਦੋ ਮੋਬਾਈਲ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਸ ਦਾ ਬੰਬੀਹਾ ਗਰੁੱਪ ਨਾਲ ਸਬੰਧ ਹੈ ਜਾਂ ਨਹੀਂ, ਇਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੰਬੀਹਾ ਗੈਂਗ ਅਤੇ ਗੋਲਡੀ ਬਿਸ਼ਨੋਈ ਗੈਂਗ ਨੌਜਵਾਨਾਂ ਨੂੰ ਲਾਲਚ ਦੇ ਕੇ ਗੈਂਗ ‘ਚ ਸ਼ਾਮਲ ਹੋਣ ਲਈ ਪੋਸਟਾਂ ਪਾ ਰਹੇ ਹਨ।