Monsoon Rain: ਮਾਨਸੂਨ ਨੇ ਭਾਰਤ ਦੇ 80 ਫੀਸਦੀ ਤੋਂ ਵੱਧ ਖੇਤਰ ਨੂੰ ਕਵਰ ਕਰ ਲਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਦੇਸ਼ ਦੇ 24 ਸੂਬਿਆਂ ‘ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਗੁਜਰਾਤ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਮਾਨਸੂਨ ਅੱਗੇ ਵਧਿਆ ਹੈ। ਆਈਐਮਡੀ ਦਾ ਕਹਿਣਾ ਹੈ ਕਿ ਅਗਲੇ 5 ਦਿਨਾਂ ਤੱਕ ਭਾਰਤ ਦੇ ਪੂਰਬੀ, ਮੱਧ, ਉੱਤਰੀ ਪੱਛਮੀ ਅਤੇ ਪੱਛਮ ਵਿੱਚ ਮਾਨਸੂਨ ਦੀ ਬਾਰਸ਼ ਹੋਵੇਗੀ।
ਇਸ ਦੌਰਾਨ ਯੂਪੀ, ਉੱਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਮਹਾਰਾਸ਼ਟਰ, ਗੋਆ ‘ਚ ਵੀ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ 28, 29 ਤੇ 30 ਜੂਨ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਰਾਜਧਾਨੀ ਦਿੱਲੀ ‘ਚ ਵੀ ਮਾਨਸੂਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੱਜ ਵੀ ਆਈਐਮਡੀ ਨੇ ਇੱਥੇ ਬੱਦਲਵਾਈ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਦੱਖਣੀ ਭਾਰਤ ਅਤੇ ਉੱਤਰ-ਪੂਰਬ ਦੇ ਰਾਜਾਂ ਵਿੱਚ ਮਾਨਸੂਨ ਦੀ ਬਾਰਸ਼ ਹੋਵੇਗੀ।