ਪੰਜਾਬ ‘ਚ ਮਾਨਸੂਨ ਮੁੜ ਸਰਗਰਮ ! ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਲਈ ਤਿਆਰ ਰਹਿਣ ਲੋਕ

0
285

ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ । ਸਰਗਰਮ ਮਾਨਸੂਨ ਕਾਰਨ ਪਿਛਲੇ 2 ਦਿਨਾਂ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ । ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਹੋਈ ਬਾਰਿਸ਼ ਅਤੇ ਬੂੰਦਾਬਾਂਦੀ ਤੋਂ ਬਾਅਦ ਸੋਮਵਾਰ ਨੂੰ ਤੇਜ਼ ਧੁੱਪ ਨਿਕਲੀ । ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਸਤੰਬਰ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬੱਦਲ ਛਾਏ ਰਹਿਣ, ਭਾਰੀ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।

ਸੋਮਵਾਰ ਨੂੰ ਵੀ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਲੁਧਿਆਣਾ, ਚੰਡੀਗੜ੍ਹ, ਪਠਾਨਕੋਟ, ਹੁਸ਼ਿਆਰਪੁਰ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ । ਜਿਸ ਕਾਰਨ ਉਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੁਝ ਘੰਟਿਆਂ ਲਈ ਗਰਮੀ ਤੋਂ ਰਾਹਤ ਮਿਲੀ । ਹਾਲਾਂਕਿ, ਮੀਂਹ ਤੋਂ ਬਾਅਦ, ਚਮਕਦਾਰ ਸੂਰਜ ਨਿਕਲ ਆਇਆ ਤੇ ਲੋਕਾਂ ਨੂੰ ਇੱਕ ਵਾਰ ਫਿਰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਿਆ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਇੱਕ ਨਵਾਂ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ । ਇਸ ਕਾਰਨ ਪੂਰੇ ਉੱਤਰੀ ਭਾਰਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਫਿਰ ਤੋਂ ਬਦਲ ਜਾਵੇਗਾ। ਇਸ ਦੇ ਨਾਲ ਹੀ ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਦੀਆਂ ਉਚਾਈ ਵਾਲੀਆਂ ਥਾਵਾਂ ‘ਤੇ ਹਲਕੀ ਬਰਫ਼ਬਾਰੀ ਹੋ ਸਕਦੀ ਹੈ, ਇਸ ਕਾਰਨ ਸਵੇਰ ਅਤੇ ਸ਼ਾਮ ਨੂੰ ਮੌਸਮ ਠੰਡਾ ਰਹਿ ਸਕਦਾ ਹੈ।