ਮੋਹਾਲੀ : ਟਰੇਨ ਅੱਗੇ ਜਾਨ ਦੇਣ ਆਈ ਲੜਕੀ ਨੂੰ ਬਚਾਉਂਦਿਆਂ ਲੜਕਾ ਵੀ ਆਇਆ ਗੱਡੀ ਥੱਲੇ, ਦੋਵਾਂ ਦੀ ਦਰਦਨਾਕ ਮੌ.ਤ

0
1191

ਮੋਹਾਲੀ, 5 ਫਰਵਰੀ | ਮੋਹਾਲੀ ਦੇ ਪਿੰਡ ਜਗਤਪੁਰਾ ਨੇੜੇ ਰੇਲਵੇ ਟ੍ਰੈਕ ‘ਤੇ ਇਕ ਨੌਜਵਾਨ ਲੜਕੇ ਤੇ ਲੜਕੀ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਜੀਆਰਪੀ ਦੇ ਸਹਿਯੋਗ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਮ 20 ਸਾਲ ਵਾਸੀ ਪਿੰਡ ਜਗਤਪੁਰਾ ਵਜੋਂ ਹੋਈ ਹੈ। ਪੁਲਿਸ ਅਜੇ ਤੱਕ ਲੜਕੀ ਬਾਰੇ ਕੁਝ ਪਤਾ ਨਹੀਂ ਲਗਾ ਸਕੀ। ਪੁਲਿਸ ਲੜਕੀ ਦੀ ਪਛਾਣ ਕਰਨ ‘ਚ ਲੱਗੀ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫੇਜ਼ 6 ਦੇ ਹਸਪਤਾਲ ਵਿਚ ਰਖਵਾਇਆ ਗਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਦੋਸਤਾਂ ਨਾਲ ਰੇਲਵੇ ਟਰੈਕ ਤੋਂ ਲੰਘ ਰਿਹਾ ਸੀ। ਉਸ ਨੇ ਇਕ ਲੜਕੀ ਨੂੰ ਜਾਨ ਦੇਣ ਲਈ ਰੇਲਵੇ ਟਰੈਕ ‘ਤੇ ਆਉਂਦੇ ਦੇਖਿਆ। ਉਸ ਨੇ ਜਦੋਂ ਸਾਹਮਣੇ ਤੋਂ ਟਰੇਨ ਆਉਂਦੀ ਦੇਖੀ ਤਾਂ ਉਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਵੀ ਟਰੇਨ ਦੀ ਲਪੇਟ ‘ਚ ਆ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਲੜਕੀ ਨੂੰ ਨਹੀਂ ਜਾਣਦਾ ਸੀ। ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਦੋਸਤਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਸੀ ਪਰ ਇਸ ਤੋਂ ਬਾਅਦ ਵੀ ਉਹ ਨਹੀਂ ਮੰਨਿਆ। ਟਰੇਨ ਬਹੁਤ ਨੇੜੇ ਸੀ। ਜਿਵੇਂ ਹੀ ਉਸ ਨੇ ਲੜਕੀ ਨੂੰ ਟਰੈਕ ਤੋਂ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਟਰੇਨ ਦੀ ਲਪੇਟ ਵਿਚ ਆ ਗਿਆ।