ਮੋਹਾਲੀ : ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਕੇ ਘਰੋਂ 25 ਤੋਲੇ ਸੋਨਾ ਤੇ 5 ਲੱਖ ਦੀ ਨਕਦੀ ਲੈ ਗਏ ਲੁਟੇਰੇ

0
678

ਮੋਹਾਲੀ, 27 ਦਸੰਬਰ | ਖਰੜ ‘ਚ 2 ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਇਕੱਲੀ ਰਹਿੰਦੀ ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਕੇ ਘਰ ‘ਚ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਈ। ਔਰਤ ਦਾ ਪੁੱਤਰ ਕੋਰੀਓਗ੍ਰਾਫਰ ਹੈ।

ਇਹ ਘਟਨਾ ਦੇਰ ਰਾਤ ਨੂੰ ਸ਼ਿਵਜੋਤ ਇਨਕਲੇਵ ਦੇ ਗੇਟ ਨੰਬਰ 3 ਨੇੜੇ ਫਲੈਟ ਨੰਬਰ 39 ਦੀ ਉਪਰਲੀ ਮੰਜ਼ਿਲ ‘ਤੇ ਵਾਪਰੀ। ਬਦਮਾਸ਼ ਘਰ ‘ਚੋਂ ਕਰੀਬ 25 ਤੋਲੇ ਸੋਨੇ ਦੇ ਗਹਿਣੇ ਅਤੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ। ਪੁਲਿਸ ਨੇ ਕੋਰੀਓਗ੍ਰਾਫਰ ਪੁੱਤਰ ਰਜਨੀਸ਼ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੰਘਣੀ ਆਬਾਦੀ ਵਿਚ ਵਾਪਰੀ ਇਸ ਘਟਨਾ ਕਾਰਨ ਉਥੇ ਰਹਿਣ ਵਾਲੇ ਲੋਕ ਬੇਹੱਦ ਡਰੇ ਹੋਏ ਹਨ। ਖਰੜ ਦੇ ਡੀਐਸਪੀ ਕਰਨ ਸਿੰਘ ਸੰਧੂ, ਸਿਟੀ ਪੁਲਿਸ ਦੇ ਐਸਐਚਓ ਮਨਦੀਪ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਨੇ ਮੌਕੇ ਦਾ ਮੁਆਇਨਾ ਕੀਤਾ। ਸੂਚਨਾ ਤੋਂ ਬਾਅਦ ਰਜਨੀਸ਼ ਦੀ ਪਤਨੀ ਵੀ ਉਥੇ ਪਹੁੰਚ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਲੱਗਦਾ ਹੈ ਕਿ ਲੁਟੇਰੇ ਪਰਿਵਾਰ ਦੇ ਜਾਣਕਾਰ ਹਨ। ਉਨ੍ਹਾਂ ਨੇ ਰਜਨੀਸ਼ ਦੇ ਜਾਣ ਤੋਂ 5 ਮਿੰਟ ਬਾਅਦ ਹੀ ਘਰ ਦਾ ਦਰਵਾਜ਼ਾ ਖੜਕਿਆ ਅਤੇ ਉਨ੍ਹਾਂ ਦੀ ਮਾਂ ਨੂੰ ਰਜਨੀਸ਼ ਦਾ ਜਾਣਕਾਰ ਦੱਸ ਕੇ ਦਰਵਾਜ਼ਾ ਖੁੱਲ੍ਹਵਾਇਆ।