ਮੋਹਾਲੀ : ਫ਼ਿਲਮੀ ਸਟਾਈਲ ‘ਚ ਐਂਬੂਲੈਂਸ ‘ਚ ਪਾਇਆ ਨਕਲੀ ਮਰੀਜ਼, ਸਿਰਹਾਣੇ ਥੱਲੇ ਰੱਖੀ 8 ਕਿੱਲੋ ਅਫ਼ੀਮ, 3 ਕਾਬੂ

0
2900

ਮੋਹਾਲੀ । ਲੱਗਦਾ ਹੈ ਸਮੱਗਲਿੰਗ ਕਰਨ ਵਾਲੇ ਵੀ ਫਿਲਮਾਂ ਕੁਝ ਜਿਆਦਾ ਹੀ ਦੇਖਦੇ ਹਨ। ਮੋਹਾਲੀ ਵਿੱਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਿਸੇ ਬਾਲੀਵੁੱਡ ਫਿਲਮ ਦੇ ਸਟਾਈਲ ਵਿੱਚ ਸਮੱਗਲਿੰਗ ਕਰਦੇ ਤਿੰਨ ਬੰਦੇ ਪੁਲਿਸ ਨੇ ਕਾਬੂ ਕੀਤੇ ਹਨ।

ਇਹ ਲੋਕ ਐਂਬੂਲੈਂਸ ਵਿੱਚ ਜਾ ਰਹੇ ਸਨ, ਜਿਥੇ ਇੱਕ ਬੰਦਾ ਮਰੀਜ਼ ਬਣ ਕੇ ਲੇਟਿਆ ਹੋਇਆ ਸੀ। ਐਂਬੂਲੈਂਸ ਵਿੱਚ ਜ਼ਰੂਰੀ ਚੀਜ਼ਾਂ ਨਾ ਹੋਣ ‘ਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਦੋਸ਼ੀਆਂ ਸਣੇ ਐਂਬੂਲੈਂਸ ਦੀ ਤਲਾਸ਼ੀ ਲਈ ਤਾਂ ਮਰੀਜ਼ ਬਣੇ ਬੰਦੇ ਦੇ ਸਿਰ ਥੱਲੇ ਦਿੱਤੇ ਸਿਰਹਾਣੇ ਵਿੱਚੋਂ 8 ਕਿਲੋ ਅਫੀਮ ਬਰਾਮਦ ਹੋਈ।

 ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੱਲ੍ਹ ਸ਼ਾਮ ਇਕ ਐਂਬੂਲੈਂਸ ਵੈਨ ਨੂੰ ਰੋਕਿਆ ਤਾਂ ਇਸ ਵਿਚ ਬੈਠੇ ਤਿੰਨ ਬੰਦੇ ਹਸਪਤਾਲ ਜਾਣ ਦਾ ਢੋਂਗ ਕਰ ਰਹੇ ਸਨ, ਉਨ੍ਹਾਂ ਵਿੱਚੋਂ ਇੱਕ ਸਟਰੈਚਰ ‘ਤੇ ਲੇਟਿਆ  ਮਰੀਜ਼ ਬਣਿਆ ਹੋਇਆ ਸੀ। ਪੁਲਿਸ ਨੇ ਜਦੋਂ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਅਤੇ ਫਸਟ ਏਡ ਕਿੱਟ ਗਾਇਬ ਵੇਖੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ।

ਐਂਬੂਲੈਂਸ ਵਿੱਚ ਬੈਠੇ ਲੋਕਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ‘ਤੇ ਪੁਲਿਸ ਨੂੰ ‘ਮਰੀਜ਼ ਦੇ ਸਿਰ ਦੇ ਹੇਠਾਂ ਰੱਖੇ ਸਿਰਹਾਣੇ ਦੇ ਅੰਦਰ 8 ਕਿਲੋ ਅਫੀਮ ਮਿਲੀ। ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਇਸੇ ਢੰਗ ਨਾਲ ਲਗਭਗ 10 ਵਾਰ 8 ਤੋਂ 10 ਕਿਲੋ ਅਫੀਮ ਬਰਾਮਦ ਕਰ ਚੁੱਕਾ ਸੀ।

ਮੁਲਜ਼ਮਾਂ ਦੀ ਪਛਾਣ ਰਾਮਪੁਰ (ਯੂਪੀ) ਵਾਸੀ ਰਵੀ ਸ਼੍ਰੀਵਾਸਤਵ (28), ਨਯਾਗਾਂਵ ਵਾਸੀ ਹਰਿੰਦਰ ਸ਼ਰਮਾ (47) ਅਤੇ ਖੁੱਡਾ ਅਲੀ ਸ਼ੇਰ ਵਾਸੀ ਅੰਕੁਸ਼ (27) ਵਜੋਂ ਹੋਈ ਹੈ, ਜਿਨ੍ਹਾਂ ਨੂੰ 23 ਜੁਲਾਈ ਨੂੰ ਲਾਲੜੂ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।