ਮੋਹਾਲੀ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਰਾਤ 2 ਵਜੇ ਇਹ ਸੜਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਡਾਕਟਰ ਸ਼ਰਾਬ ਦੇ ਨਸ਼ੇ ‘ਚ ਤੇਜ਼ ਰਫਤਾਰ ਸਵਿਫਟ ਚਲਾ ਰਿਹਾ ਸੀ ਅਤੇ ਰੈੱਡ ਲਾਈਟ ਜੰਪ ਕਰਕੇ ਬਲੈਰੋ ਨੂੰ ਟੱਕਰ ਮਾਰ ਬੈਠਾ। ਬਲੈਰੋ ਵਿਚ 5 ਵਿਅਕਤੀ ਸਵਾਰ ਸਨ ਅਤੇ ਸਾਰੇ ਜ਼ਖ਼ਮੀ ਹੋ ਗਏ। ਸਵਿਫਟ ਚਾਲਕ ਕਾਰ ਨੂੰ ਮੌਕੇ ‘ਤੇ ਛੱਡ ਕੇ ਭੱਜ ਗਿਆ।
ਹਾਦਸੇ ਵਿਚ ਬਲੈਰੋ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ। ਬਲੈਰੋ ਸਵਾਰ ਗੁਰਜੋਤ ਸਿੰਘ ਸਿੱਧੂ ਵਾਸੀ ਸੈਕਟਰ 47, ਚੰਡੀਗੜ੍ਹ ਦੇ ਨੱਕ ਅਤੇ ਅੱਖਾਂ ਦੇ ਉੱਪਰ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਉਹ ਸੈਕਟਰ 66 ਵਾਲੇ ਪਾਸੇ ਤੋਂ ਆ ਰਿਹਾ ਸੀ। ਉਕਤ ਕਾਰ ਚਾਲਕ ਫੇਜ਼ 11 ਦੀ ਮਾਰਕੀਟ ਵੱਲੋਂ ਆ ਰਿਹਾ ਸੀ। ਉਸ ਨੇ ਕਿਹਾ ਕਿ ਸਵਿਫਟ ਕਾਰ ਚਾਲਕ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਕਾਰ ਦੀ ਸਪੀਡ ਵੀ 100 ਤੋਂ ਉਪਰ ਸੀ। ਸਵਿਫਟ ਵਿਚੋਂ ਸਟੈਥੋਸਕੋਪ ਮਿਲਿਆ ਅਤੇ ਇਕ ਸ਼ਨਾਖਤੀ ਕਾਰਡ ਵੀ ਮਿਲਿਆ।