ਮੋਹਾਲੀ : ਸੈਰ ਕਰਨ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕਾਤਲ CCTV ਕੈਮਰੇ ‘ਚ ਹੋਏ ਕੈਦ

0
355

ਮੋਹਾਲੀ/ਐਸ.ਏ.ਐਸ. ਨਗਰ, 2 ਅਕਤੂਬਰ | ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-79 ’ਚ ਅਣਪਛਾਤਿਆਂ ਵੱਲੋਂ ਇਕ ਵਿਅਕਤੀ ’ਤੇ ਗੋਲੀਆਂ ਮਾਰਨ ਅਤੇ ਕਿਰਪਾਨਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਭੀਨਵ ਆਨੰਦ ਵਜੋਂ ਹੋਈ ਹੈ, ਜੋ ਕਿ ਪੇਸ਼ੇ ਵਜੋਂ ਇਕ ਆਈ. ਟੀ. ਕੰਪਨੀ ’ਚ ਕੰਮ ਕਰਦਾ ਸੀ।

ਇਸ ਸਬੰਧੀ ਡੀ. ਐਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਨੇੜੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਗਏ ਹਨ, ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ 2 ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਹਨ, ਐਕਟਿਵਾ ’ਤੇ ਜਾਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕ ਜ਼ਿੰਦਾ ਕਾਰਤੂਸ ਅਤੇ ਇਕ ਖੋਲ ਮਿਲਿਆ ਹੈ। ਅਭੀਨਵ ਦੀ ਗਰਦਨ ਅਤੇ ਬਾਂਹ ’ਚ 2 ਗੋਲੀਆਂ ਵੱਜੀਆਂ ਹਨ ਅਤੇ ਸਰੀਰ ’ਤੇ ਕਿਰਪਾਨ ਅਤੇ ਕਿਰਚਾਂ ਮਾਰਨ ਦੇ ਨਿਸ਼ਾਨ ਵੀ ਸਾਹਮਣੇ ਆਏ ਹਨ।

ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਅਭੀਨਵ ਦੀ ਪਤਨੀ ਦਪਿੰਦਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਪਤੀ ਅਤੇ 12 ਸਾਲ ਦੇ ਲੜਕੇ ਨਾਲ ਸੈਕਟਰ-79 ਦੇ ਇਕ ਫ਼ਲੈਟ ਵਿਚ ਰਹਿੰਦੀ ਹੈ। 27 ਸਤੰਬਰ ਨੂੰ ਉਸ ਦਾ ਪਤੀ ਅਭੀਨਵ ਆਨੰਦ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਸ਼ਾਮ ਸਮੇਂ ਸੈਰ ਕਰਨ ਲਈ ਗਿਆ ਸੀ।

ਸ਼ਾਮ ਪੌਣੇ 8 ਵਜੇ ਦੇ ਕਰੀਬ ਗੁਆਂਢੀ ਅਮਨ ਹਾਂਡਾ ਨੇ ਘਰ ਆ ਕੇ ਪੁੱਛਿਆ ਕਿ ਅਭੀਨਵ ਆਨੰਦ ਕਿਥੇ ਹੈ ਤਾਂ ਉਸ ਨੇ ਅੱਗਿਓਂ ਕਿਹਾ ਕਿ ਕੁੱਝ ਦੇਰ ਪਹਿਲਾਂ ਉਹ ਉਸ ਨਾਲ ਫ਼ੋਨ ’ਤੇ ਗੱਲਾਂ ਕਰ ਰਹੇ ਸਨ ਤਾਂ ਅਚਾਨਕ ਅਭੀਨਵ ਦੀ ਕਿਸੇ ਨਾਲ ਬਹਿਸ ਹੋਣ ਦੀ ਆਵਾਜ਼ ਆਉਣ ਲੱਗੀ।

ਉਸ ਨੇ ਜਦੋਂ ਅਭੀਨਵ ਨੂੰ ਮੁੜ ਫ਼ੋਨ ਕੀਤਾ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਚੁੱਕਿਆ ਅਤੇ ਕਿਹਾ ਕਿ ਉਸ ਦੇ ਪਤੀ ਪਾਰਕ ਨੇੜੇ ਜ਼ਖ਼ਮੀ ਹਾਲਤ ’ਚ ਬੇਹੋਸ਼ ਪਏ ਹਨ। ਉਹ ਅਮਨ ਹਾਂਡਾ ਨੂੰ ਲੈ ਕੇ ਮੌਕੇ ’ਤੇ ਪੁੱਜੀ ਅਤੇ ਦੇਖਿਆ ਕਿ ਉਸ ਦੇ ਪਤੀ ਲਹੂ-ਲੁਹਾਨ ਹਾਲਤ ’ਚ ਪਏ ਸਨ ਅਤੇ ਉਨ੍ਹਾਂ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਉਨ੍ਹਾਂ ਵਲੋਂ ਜ਼ਖ਼ਮੀ ਅਭੀਨਵ ਨੂੰ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸੋਹਾਣਾ ਦੀ ਪੁਲਿਸ ਨੇ ਉਸ ਸਮੇਂ ਅਣਪਛਾਤਿਆਂ ਵਿਰੁੱਧ ਇਰਾਦਾ ਕਤਲ ਦੀ ਧਾਰਾ-307, 324, 323 ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਕਤਲ ਦੀ ਧਾਰਾ ਦਾ ਵਾਧਾ ਕਰ ਦਿੱਤਾ ਹੈ।