ਮੋਹਾਲੀ : ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ, 1 ਨੌਜਵਾਨ ਦੀ ਮੌਤ, ਦੂਜਾ ਗੰਭੀਰ

0
421

ਮੁਹਾਲੀ, 17 ਦਸੰਬਰ | ਇਥੋਂ ਦੇ ਪਿੰਡ ਦੈਦੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੂਜੇ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਛਾਣ ਫਤਿਹ ਸਿੰਘ 34 ਸਾਲ ਵਾਸੀ ਸੁਖਰਾਮ ਕਾਲੋਨੀ, ਅਲੀਪੁਰ ਰੋਡ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਟੱਕਰ ਤੋਂ ਬਾਅਦ ਕਾਰ ਚਾਲਕ ਸਮੇਤ ਤਿੰਨ ਵਿਅਕਤੀ ਕਾਰ ਛੱਡ ਕੇ ਉਥੋਂ ਭੱਜ ਗਏ। ਥਾਣਾ ਸੋਹਾਣਾ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਫਤਿਹ ਸਿੰਘ ਅਤੇ ਦੋਸਤ ਸੁਰਜੀਤ ਸਿੰਘ ਵਾਸੀ ਪਿੰਡ ਢੀਂਡਸਾ, ਜ਼ਿਲ੍ਹਾ ਪਟਿਆਲਾ ਮੋਟਰਸਾਈਕਲ ‘ਤੇ ਘਰ ਤੋਂ ਖਰੜ ਨੂੰ ਜਾ ਰਹੇ ਸਨ ਜਦੋਂ ਉਹ ਪਿੰਡ ਦੈੜੀ ਨੇੜੇ ਪੁੱਜੇ ਤਾਂ ਉਕਤ ਕਾਰ ਲਾਂਡਰਾਂ ਵੱਲੋਂ ਆਈ, ਜਿਸ ਨੂੰ ਅਣਪਛਾਤੇ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਉਸ ਦੇ ਭਰਾ ਅਤੇ ਦੋਸਤ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਉਸ ਦਾ ਭਰਾ ਅਤੇ ਦੋਸਤ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਸ ਨੂੰ ਇਲਾਜ ਲਈ ਜੀਐਮਸੀ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੇ ਭਰਾ ਦੀ ਮੌਤ ਹੋ ਗਈ ਅਤੇ ਉਸ ਦੇ ਦੋਸਤ ਸੁਰਜੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ।