ਪ੍ਰਕਾਸ਼ ਸਿੰਘ ਬਾਦਲ ਲਈ ਮੋਗਾ ਰਿਹਾ ਭਾਗਸ਼ਾਲੀ, 3 ਵਾਰ ਹੋਈ ਜਿੱਤ

0
1890

ਮੋਗਾ | 5 ਵਾਰ ਮੁੱਖ ਮੰਤਰੀ ਵਜੋਂ ਪੰਜਾਬ ਸਰਕਾਰ ਦੀ ਅਗਵਾਈ ਕਰਨ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਈ ਮੋਗਾ ਸਿਆਸੀ ਤੌਰ ‘ਤੇ ਬਹੁਤ ‘ਲੱਕੀ’ ਸਾਬਿਤ ਹੋਇਆ। ਪੰਜ ਵਿੱਚੋਂ ਤਿੰਨ ਵਾਰ 1997, 2007 ਤੇ 2012 ਵਿਚ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਮੋਗਾ ਤੋਂ ਚੋਣ ਪ੍ਰਚਾਰ ਦਾ ਬਿਗੁਲ ਵਜਾ ਦਿੱਤਾ ਅਤੇ ਉਹ ਸੂਬੇ ਦੀ ਸੱਤਾ ‘ਤੇ ਕਾਬਜ਼ ਹੋਏ।

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ 8 ਦਸੰਬਰ 2016 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਨਮ ਦਿਨ ਦੇ ਮੌਕੇ ‘ਤੇ ਮੋਗਾ ਤੋਂ ਹੀ ਪਾਣੀ ਬਚਾਓ-ਪੰਜਾਬ ਬਚਾਓ ਰੈਲੀ ਮਿਸ਼ਨ-2017 ਦੀ ਸ਼ੁਰੂਆਤ ਕੀਤੀ ਸੀ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਇਸ ਇਸ ਵਾਰ ਸੱਤਾ ‘ਚ ਹੈਟ੍ਰਿਕ ਬਣਾਉਣ ਤੋਂ ਖੁੰਝ ਗਏ ਪਰ ਮੋਗਾ ਦੀ ਇਹ ਰੈਲੀ ਇਤਿਹਾਸ ‘ਚ ਲੰਬੇ ਸਮੇਂ ਤਕ ਯਾਦ ਰਹੇਗੀ।

ਮੋਗਾ ਦੇ ਪਿੰਡ ਕਿੱਲੀ ਚਾਹਲਾ ਵਿਖੇ ਹੋਈ ਇਸ ਰੈਲੀ ਵਿਚ ਮੋਗਾ-ਲੁਧਿਆਣਾ ਮੁੱਖ ਮਾਰਗ ’ਤੇ 20-25 ਕਿਲੋਮੀਟਰ ਤਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਰੈਲੀ ਵਿਚ ਇਕੱਠੀ ਹੋਈ ਭੀੜ ਨੇ ਸਿਆਸੀ ਦਿੱਗਜਾਂ ਨੂੰ ਹੈਰਾਨ ਕਰ ਦਿੱਤਾ ਸੀ। ਇੰਨੀ ਵੱਡੀ ਰੈਲੀ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਨਹੀਂ ਹੋ ਸਕੀ। ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਤਬਦੀਲੀ ਦੀ ਹਨੇਰੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸੱਤਾ ਦੀ ਹੈਟ੍ਰਿਕ ਦਾ ਸੁਪਨਾ ਪੂਰਾ ਨਹੀਂ ਹੋਣ ਦਿੱਤਾ।