ਮੋਗਾ : ਦਵਾਈ ਲੈਣ ਜਾਂਦੇ 2 ਨੌਜਵਾਨਾਂ ਨਾਲ ਭਿਆਨਕ ਸੜਕ ਹਾਦਸਾ, ਦੋਵਾਂ ਦੀ ਮੌਕੇ ‘ਤੇ ਮੌਤ

0
1865

ਮੋਗਾ। ਮੋਗਾ ਤੋਂ ਕੋਟਈਸੇ ਖਾਂ ਰੋਡ ‘ਤੇ ਪੈਂਦੇ ਪਿੰਡ ਜਨੇਰ ‘ਚ ਪ੍ਰਾਈਵੇਟ ਪ੍ਰੈਕਟਿਸ ਕਰਦਾ ਇਕ ਨੌਜਵਾਨ ਆਪਣੇ ਇਕ ਮਰੀਜ਼ ਲਈ ਕੋਟ ਤੋਂ ਦਵਾਈ ਲੈਣ ਲਈ ਆਪਣੇ ਦੋਸਤ ਨੂੰ ਨਾਲ ਲੈ ਕੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਰਸਤੇ ‘ਚ ਭਿਆਨਕ ਸੜਕ ਹਾਦਸਾ ਵਾਪਰ ਗਿਆ।

ਜਾਣਕਾਰੀ ਅਨੁਸਾਰ ਪਿੰਡ ਗਗੜਾ ਕੋਲ ਪ੍ਰਵੀਨ ਸਿੰਘ ਵਾਸੀ ਗਲੋਟੀ ਛੋਟੇ ਹਾਥੀ ‘ਤੇ ਟੈਂਟ ਦਾ ਸਮਾਨ ਲੱਦ ਕੇ ਕੋਟ ਵਲ ਜਾ ਰਿਹਾ ਸੀ ਕਿਸੇ ਕਾਰਨ ਕਰ ਕੇ ਉਸ ਨੇ ਸੜਕ ‘ਚ ਬਰੇਕ ਮਾਰ ਦਿਤੀ ਜਿਸ ਦੇ ਚਲਦੇ ਪਿੱਛੋਂ ਆ ਰਹੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ ਜੀਵਨਪਾਲ ਸਿੰਘ ਅਤੇ ਸੇਵਕ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।

ਮ੍ਰਿਤਿਕ ਡਾਕਟਰ ਦੇ ਪਿਤਾ ਨੇ ਭੁੱਬਾਂ ਮਾਰਦਿਆਂ ਕਿਹਾ ਕਿ ਛੋਟੇ ਹਾਥੀ ਵਾਲੇ ਡਰਾਈਵਰ ਦੀ ਗ਼ਲਤੀ ਕਾਰਨ ਉਸ ਦੇ ਜਵਾਨ ਪੁੱਤ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜੇਕਰ ਮਗਰ ਕੋਈ ਇਸ਼ਾਰਾ ਜਾਂ ਲਾਈਟ ਜਗਦੀ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਮਾਸੂਮ ਧੀ ਛੱਡ ਗਿਆ ਹੈ।  ਮ੍ਰਿਤਿਕ ਦੇ ਚਾਚੇ ਨੇ ਵੀ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਨੇ ਡਰਾਇਵਰ ਪ੍ਰਵੀਨ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।