ਮੋਗਾ : ਨਾਬਾਲਗਾ ਨਾਲ ਪਿੰਡ ਦੇ ਹੀ ਦੋ ਮੁੰਡਿਆਂ ਵਲੋਂ ਜਬਰ-ਜਨਾਹ, ਪੀੜਤ ਪਰਿਵਾਰ ਦਾ ਦੋਸ਼- ਪੁਲਿਸ ਨਹੀਂ ਕਰ ਰਹੀ ਕੋਈ ਸੁਣਵਾਈ

0
999

ਮੋਗਾ (ਆਜ਼ਾਦ)- ਜ਼ਿਲ੍ਹੇ ਦੇ ਇਕ ਪਿੰਡ ਦੀ 14 ਸਾਲ ਨਾਬਾਲਗ ਲੜਕੀ ਨੇ ਆਪਣੇ ਹੀ ਪਿੰਡ ਦੇ ਦੋ ਲੜਕਿਆਂ ’ਤੇ ਕਥਿਤ ਤੌਰ ’ਤੇ ਜ਼ਬਰਦਸਤੀ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਨੂੰ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੀੜਤਾ ਨੇ ਕਿਹਾ ਕਿ ਜਦ ਉਹ ਪਿੰਡ ਦੀ ਇਕ ਦੁਕਾਨ ਤੋਂ ਖਾਣ ਲਈ ਕੋਈ ਚੀਜ਼ ਲੈਣ ਲਈ ਗਈ ਸੀ ਤਾਂ ਉਸ ਨੂੰ ਇਕ ਲੜਕਾ ਆਪਣੇ ਸਾਥੀ ਨਾਲ ਮਿਲ ਕੇ ਖਿੱਚ ਕੇ ਲੈ ਗਿਆ। ਫਿਰ ਦੋਹਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਧਮਕੀਆਂ ਦਿੱਤੀਆਂ।

ਪੀੜਤਾ ਦੇ ਭਰਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਕਤ ਘਟਨਾ 6-7 ਦਿਨ ਪਹਿਲਾਂ ਦੀ ਹੈ। ਜਦ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਅਸੀਂ ਆਪਣੀ ਭੈਣ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਕਥਿਤ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੇ ਲਈ ਕਿਹਾ।
ਜਦ ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਲਛਮਣ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਪੀੜਤ ਲੜਕੀ ਦੇ ਬਿਆਨ ਦਰਜ ਕਰਨ ਦੇ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਦੋਸ਼ੀ ਲੜਕਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।