ਮੋਗਾ, 22 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਆਈ ਹੈ। ਪਿੰਡ ਬੁੱਟਰ ਕਲਾਂ ’ਚ ਤੇਜ਼ ਰਫ਼ਤਾਰ ਆਲਟੋ ਕਾਰ ਨੇ ਸੜਕ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ’ਚ ਟੱਕਰ ਮਾਰ ਦਿੱਤੀ। ਇਸ ਦੌਰਾਨ ਮੌਕੇ ’ਤੇ 2 ਜਣਿਆਂ ਦੀ ਮੌਤ ਹੋ ਗਈ ਤੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ’ਚ ਟੱਕਰ ਮਾਰ ਦਿੱਤੀ। ਕਾਰ ਵਿਚ ਸਵਾਰ ਪਿਓ ਤੇ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੀ ਸਾਰੀ ਘਟਨਾ ਵਰਕਸ਼ਾਪ ਦੇ ਬਾਹਰ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।
ਪਤਾ ਲੱਗਾ ਹੈ ਕਿ ਕਾਰ ਚਾਲਕ ਆਪਣੇ ਪਰਿਵਾਰ ਨਾਲ ਦਵਾਈ ਲੈਣ ਮੋਗਾ ਜਾ ਰਹੇ ਸੀ ਤਾਂ ਬੁੱਟਰ ਕਲਾਂ ਕੋਲ ਲਿੰਕ ਰੋਡ ’ਤੇ ਸੜਕ ਕਿਨਾਰੇ ਖੜ੍ਹੇ ਟਰੈਕਟਰ-ਟਰਾਲੀ ‘ਚ ਕਾਰ ਟਕਰਾ ਗਈ, ਜਿਸ ਵਿਚ ਮੇਹਰ ਸਿੰਘ (75) ਤੇ ਹਰਪ੍ਰੀਤ ਕੌਰ (45) ਦੀ ਮੌਕੇ ’ਤੇ ਮੌਤ ਹੋ ਗਈ ਅਤੇ ਗੱਡੀ ਚਾਲਕ ਬੇਅੰਤ ਸਿੰਘ (24) ਜ਼ਖ਼ਮੀ ਹੋ ਗਿਆ, ਜਿਸ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ।
ਪੁਲਿਸ ਥਾਣਾ ਬੱਧਨੀ ਕਲਾਂ ਦੇ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਹਰ ਸਿੰਘ ਆਪਣੀ ਧੀ ਅਤੇ ਆਪਣੇ ਦੋਹਤੇ ਨਾਲ ਦਵਾਈ ਲੈਣ ਜਾ ਰਹੇ ਸੀ ਤਾਂ ਰਸਤੇ ਵਿਚ ਇਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਦੇ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਪਰਿਵਾਰ ਦੇ ਬਿਆਨਾਂ ’ਤੇ ਜੋ ਵੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ।