ਮੋਗਾ, 29 ਜਨਵਰੀ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਬਾਘਾ ਪੁਰਾਣਾ ਦੇ ਇਕ ਪਿੰਡ ’ਚ 5 ਜਣਿਆਂ ਨੇ ਪਿੰਡ ਦੀ ਹੀ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਸਮੂਹਿਕ ਜਬਰ-ਜ਼ਨਾਹ ਕੀਤਾ। ਦੇਰ ਰਾਤ ਨੂੰ ਕਾਰ ਸਵਾਰ ਨੌਜਵਾਨਾਂ ਨੇ ਉਸ ਨੂੰ ਉਦੋਂ ਅਗਵਾ ਕਰ ਲਿਆ ਜਦੋਂ ਉਹ ਦੁਕਾਨ ’ਤੇ ਸਾਮਾਨ ਖ਼ਰੀਦਣ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਉਸ ਨੂੰ ਉਸ ਦੇ ਘਰ ਨੇੜੇ ਗੰਭੀਰ ਹਾਲਤ ’ਚ ਸੁੱਟ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਧਮਕੀਆਂ ਵੀ ਦਿੱਤੀਆਂ।
ਉਸ ਨੂੰ ਗੰਭੀਰ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਪੀੜਤਾ ਨੂੰ ਵਿਅਕਤੀਆਂ ਨੇ ਗੱਡੀ ’ਚ ਖਿੱਚ ਲਿਆ ਤੇ ਉਥੋਂ ਤੇਜ਼ੀ ਨਾਲ ਗੱਡੀ ਭਜਾ ਕੇ ਲੈ ਗਏ। ਐੱਸਐੱਸਪੀ ਵਿਵੇਕਸ਼ੀਲ ਸੋਨੀ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਤੁਰੰਤ ਡੀਐੱਸਪੀ ਦਲਬੀਰ ਸਿੰਘ ਸਿੱਧੂ ਨੂੰ ਕਾਰਵਾਈ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ।