ਮੋਗਾ (ਤਨਮਯ) | ਮੋਗਾ ‘ਚ 18 ਸਾਲਾ ਅਰਪਨ ਨਾਂ ਦੇ ਇਕ ਨੌਜਵਾਨ ਦਾ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਗੁਪਤ ਅੰਗ ਕੱਟਣ ਤੋਂ ਬਾਅਦ ਉਸ ਨੂੰ ਮੋਗਾ ਦੀ 3 ਨੰਬਰ ਚੁੰਗੀ ਕੋਲ ਸੁੱਟ ਦਿੱਤਾ ਗਿਆ, ਜਿਥੋਂ ਕੁਝ ਪੀਸੀਆਰ ਜਵਾਨਾਂ ਨੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਪੀੜਤ ਲੜਕੇ ਨੇ ਦੱਸਿਆ ਕਿ ਜਦੋਂ ਉਹ ਪ੍ਰੋਗਰਾਮ ਤੋਂ ਬਾਅਦ ਦੇਰ ਰਾਤ ਘਰ ਆ ਰਿਹਾ ਸੀ ਤਾਂ ਕੋਮਲ ਨਾਂ ਦੇ ਮਹੰਤ ਨੇ ਬੱਸ ਸਟੈਂਡ ਦੇ ਬਾਹਰ ਕਾਰ ਵਿੱਚ ਬਿਠਾ ਲਿਆ ਤੇ ਬਾਅਦ ਵਿੱਚ ਚਾਹ ‘ਚ ਕੁਝ ਮਿਲਾ ਕੇ ਬੇਹੋਸ਼ ਕਰਕੇ ਗੁਪਤ ਅੰਗ ਕੱਟ ਦਿੱਤਾ।
ਪੀੜਤ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਆਰੋਪੀਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਆਰੋਪਾਂ ਦਾ ਖੰਡਨ ਕਰਦਿਆਂ ਮਹੰਤ ਬੌਬੀ ਨੇ ਕਿਹਾ ਕਿ ਸਵੇਰ ਤੋਂ ਸ਼ਾਮ ਤੱਕ ਮੈਂ ਘਰ ਹੀ ਰਹਿੰਦਾ ਹਾਂ। ਉਸ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਅਜਿਹੇ ਆਰੋਪ ਲਗਾਏ ਜਾ ਰਹੇ ਹਨ।
ਸਿਵਲ ਹਸਪਤਾਲ ਮੋਗਾ ਦੇ ਸਰਜਨ ਰੋਹਨ ਗੁਪਤਾ ਨੇ ਦੱਸਿਆ ਕਿ ਪੀੜਤ ਦਾ ਗੁਪਤ ਅੰਗ ਪੂਰੀ ਤਰ੍ਹਾਂ ਕੱਟਿਆ ਗਿਆ ਸੀ ਅਤੇ ਪੀੜਤ ਦੇ ਕਹਿਣ ਅਨੁਸਾਰ ਇਹ ਕੁਝ ਮਹੰਤਾਂ ਨੇ ਕੱਟਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਰੀਜ਼ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇਕ ਲੜਕੇ ਦਾ ਗੁਪਤ ਅੰਗ ਕੱਟ ਦਿੱਤਾ ਗਿਆ। ਲੜਕੇ ਅਨੁਸਾਰ ਇਸ ਘਟਨਾ ਨੂੰ ਕੁਝ ਮਹੰਤਾਂ ਵੱਲੋਂ ਅੰਜਾਮ ਦਿੱਤਾ ਗਿਆ। ਮਹੰਤਾਂ ਤੋਂ ਪੁੱਛਗਿਛ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।