ਵਿਧਾਇਕਾ ਮਾਣੂੰਕੇ ਨੇ ਛੱਡੀ ਕੋਠੀ, ਜਾਂਦੇ-ਜਾਂਦੇ ਕਹਿ ਗਏ – ਖਹਿਰਾ ਸਾਬ੍ਹ, ਆ ਜਿਹੜੀ ਤੁਸੀਂ ਸੜਕ ਦੱਬੀ ਆ, ਉਹ ਵੀ ਹੁਣ ਛੱਡ ਦਿਓ

0
107

ਜਗਰਾਓਂ | ਜਗਰਾਓਂ ਤੋਂ ਵਿਧਾਇਕਾ ਸਰਵਜੀਤ  ਕੌਰ ਮਾਣੂੰਕੇ ਨੇ ਅੱਜ ਸਥਾਨਕ ਹੀਰਾ ਬਾਗ ਵਿਚ ਵਿਵਾਦਤ ਕੋਠੀ ਨੂੰ ਛੱਡ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਉਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਤੋਂ ਪਿਛਲੇ ਦਿਨੀਂ ਜਗਰਾਓਂ ਪਰਤੀ ਐੱਨ ਆਰ ਆਈ ਬਜ਼ੁਰਗ ਮਾਤਾ ਅਮਰਜੀਤ ਕੌਰ ਨੇ ਜਗਰਾਉਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਕਿ ਜਗਰਾਓਂ ਦੇ ਵਿਧਾਇਕਾ ਸਰਵਜੀਤ  ਕੌਰ ਮਾਣੂੰਕੇ ਨੇ ਉਨ੍ਹਾਂ ਦੀ ਹੀਰਾ ਬਾਗ ਸਥਿਤ ਆਲੀਸ਼ਾਨ ਕੋਠੀ ਦੇ ਜਿੰਦਰੇ ਭੰਨ ਕੇ ਉਹਨਾਂ ਦੀ ਕੋਠੀ ਵਿਚ ਪਿਆ ਸਮਾਨ ਖੁਰਦ ਬੁਰਦ ਕਰਕੇ ਕਬਜ਼ਾ ਕਰ ਲਿਆ ਹੈ। 

ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਤੇ ਵਿਧਾਇਕਾ ‘ਤੇ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਚਾਹੇ ਪੁਲਿਸ ਜਾਂਚ ਮੁਕੰਮਲ ਨਹੀਂ ਹੋਈ ਹੈ, ਪਰ ਕੋਠੀ ਦੇ ਕਬਜ਼ੇ ਨੂੰ ਲੈ ਕੇ ਖੜ੍ਹੇ ਹੋਏ ਹੰਗਾਮੇ ‘ਤੇ ਅੱਜ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਵੱਲੋਂ ਕੋਠੀ ਖਾਲੀ ਕਰ ਦਿੱਤੀ ਗਈ। ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅੱਜ ਤੋਂ ਵਿਵਾਦਤ ਪ੍ਰਾਪਟੀ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਨੇ ਜਗਰਾਉਂ ਦੀ ਹੀ ਰੋਇਲ ਸਿਟੀ ਵਿਚ ਇਕ ਹੋਰ ਕੋਠੀ ਕਿਰਾਏ ਤੇ ਲੈ ਲਈ ਹੈ ਜਿਸ ਵਿਚ ਉਨ੍ਹਾਂ ਦਾ ਸਾਮਾਨ ਸਿਫ਼ਟ ਹੋ ਰਿਹਾ ਹੈ। 

ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸੀ ਆਗੂ ਸੁਖਪਾਲ ਖਹਿਰਾ ‘ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਜਿਹੜੀ ਜ਼ਮੀਨ ਦੱਬੀ ਹੈ ਪਹਿਲਾਂ ਉਸ ਦਾ ਹਿਸਾਬ ਤਾਂ ਦੇ ਦੇਣ ਬਾਕੀਆਂ ‘ਤੇ ਸਵਾਲ ਬਾਅਦ ਵਿਚ ਚੁੱਕਣ। ਉਹਨਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਸੁਖਪਾਲ ਖਹਿਰਾ ਦੇ ਜੋ ਰਾਮਗੜ੍ਹ ਵਾਲੇ ਘਰ ਕੋਲੋਂ ਦੀ ਜੋ ਸੜਕ ਜਾਂਦੀ ਉਹ ਖਹਿਰਾ ਸਾਬ੍ਹ ਨੇ ਅਪਣੇ ਘਰ ਵਿਚ ਹੀ ਰਲਾ ਲਈ। ਸਰਵਜੀਤ ਕੌਰ ਮਾਣੂੰਕੇ ਨੇ ਸੁਖਪਾਲ ਖਹਿਰਾ ਨੂੰ ਚੇਤਾਵਨੀ ਦਿੰਦਿਆਂ ਪੁੱਛਿਆ ਕਿ ਹੁਣ ਉਹ ਸੜਕ ਆਪ ਜਨਤਕ ਕਰਨਗੇ ਜਾਂ ਫਿਰ ਪਿੰਡ ਵਾਲੇ ਉਹਨਾਂ ‘ਤੇ ਕਾਰਵਾਈ ਕਰਨ।