ਲਾਪਤਾ ਬੱਚੀ ਦੀ ਮਿਲੀ ਲਾਸ਼ : ਰੇਤ ਦੇ ਢੇਰ ‘ਚ ਸੀ ਦੱਬੀ, 5 ਦਿਨਾਂ ਤੋਂ ਸੀ ਲਾਪਤਾ; ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ

0
1034

ਅੰਮ੍ਰਿਤਸਰ/ਤਰਨਤਾਰਨ/ਗੋਇੰਦਵਾਲ ਸਾਹਿਬ | ਤਰਨਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ ‘ਚ 6 ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਲਾਸ਼ ਰੇਤ ਦੇ ਢੇਰ ਵਿੱਚ ਦੱਬੀ ਹੋਈ ਸੀ। ਬੱਚੀ 5 ਦਿਨਾਂ ਤੋਂ ਲਾਪਤਾ ਸੀ।

ਉਹ 30 ਨਵੰਬਰ ਸ਼ਾਮ ਨੂੰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਵਾਪਸ ਨਹੀਂ ਆਈ। ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਪਰ ਉਹ ਨਹੀਂ ਮਿਲੀ। ਐਤਵਾਰ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਦੇ ਪਿੱਛੇ ਪਾਰਕਿੰਗ ਵਿੱਚ ਪਏ ਰੇਤ ਦੇ ਢੇਰ ‘ਚੋਂ ਬੱਚੀ ਦੀ ਲਾਸ਼ ਮਿਲੀ।

ਮਾਤਾ ਸੰਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 6 ਸਾਲਾ ਬੇਟੀ 30 ਨਵੰਬਰ ਨੂੰ ਸ਼ਾਮ 6 ਵਜੇ ਗੁਰਦੁਆਰਾ ਬਾਉਲੀ ਸਾਹਿਬ ਗਈ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਈ।

ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਵੀ ਉਸ ਦਾ ਸੁਰਾਗ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਜੇਕਰ ਪੁਲਿਸ ਉਸੇ ਰਾਤ ਗੁਰਦੁਆਰਾ ਸਾਹਿਬ ਜਾਂ ਇਸ ਦੇ ਆਲੇ-ਦੁਆਲੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਲੈਂਦੀ ਤਾਂ ਸ਼ਾਇਦ ਅੱਜ ਬੱਚੀ ਜ਼ਿੰਦਾ ਹੁੰਦੀ।

ਮਾਂ ਕੰਧਾਂ ‘ਤੇ ਬੱਚੀ ਦੇ ਲਾਪਤਾ ਹੋਣ ਦੇ ਪੋਸਟਰ ਲਗਾ ਰਹੀ ਸੀ, ਉਦੋਂ ਪੁਲਿਸ ਨੇ ਉਸ ਨੂੰ ਗੁਰਦੁਆਰਾ ਸਾਹਿਬ ‘ਚ ਬੁਲਾਇਆ। ਜਦੋਂ ਉਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਪਹੁੰਚੀ ਤਾਂ ਉਥੇ ਬੱਚੀ ਦੀ ਲਾਸ਼ ਪਈ ਸੀ।

ਸ਼ਨਾਖਤ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਤੇ ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।

ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਪੁਲਿਸ, 2 ਨੂੰ ਲਿਆ ਹਿਰਾਸਤ ‘ਚ

ਥਾਣਾ ਗੋਇੰਦਵਾਲ ਸਾਹਿਬ ਦੇ ਐੱਸਐੱਚਓ ਕੇਵਲ ਸਿੰਘ ਨੇ ਦੱਸਿਆ ਕਿ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਹੀ ਪੁਲਿਸ ਹਰਕਤ ਵਿੱਚ ਆਈ ਹੈ। ਪੁਲਿਸ ਨੇ ਗੁਰੂਘਰ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ।

ਅੱਜ ਇਕ ਟੀਮ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਪੁਲਿਸ ਨੇ 2 ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੋਸਟਮਾਰਟਮ ਤੋਂ ਬਾਅਦ ਹੀ ਕਾਰਨ ਦਾ ਪਤਾ ਲੱਗੇਗਾ

ਪੁਲਸ ਦਾ ਕਹਿਣਾ ਹੈ ਕਿ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਬੱਚੀ ਨੂੰ ਰੇਤ ‘ਚ ਦਬਾ ਕੇ ਮਾਰਿਆ ਗਿਆ ਹੈ। ਬੱਚੀ ਦੇ ਗਲੇ ‘ਤੇ ਕੋਈ ਨਿਸ਼ਾਨ ਨਹੀਂ ਹੈ। ਇੰਨਾ ਹੀ ਨਹੀਂ, ਉਸ ਦੇ ਕੱਪੜੇ ਵੀ ਸਾਫ-ਸੁਥਰੇ ਹਨ, ਜਿਸ ਨਾਲ ਉਸ ਨਾਲ ਕੁਝ ਗਲਤ ਹੋਣ ਦੀ ਸੰਭਾਵਨਾ ਨਹੀਂ ਹੈ। ਉਸ ਦੇ ਚਿਹਰੇ ‘ਤੇ ਹਲਕੀ ਜਿਹੀ ਸੋਜ ਹੈ। ਉਸ ਦੀ ਮੌਤ ਕਦੋਂ ਤੇ ਕਿਵੇਂ ਹੋਈ, ਇਹ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।

ਮਾਂ ਦਿਹਾੜੀ ਕਰਕੇ ਪਾਲ ਰਹੀ ਸੀ ਬੱਚੀ ਨੂੰ

5 ਸਾਲ ਪਹਿਲਾਂ ਮਾਤਾ-ਪਿਤਾ ‘ਚ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਮਾਂ ਸੰਦੀਪ ਕੌਰ ਆਪਣੀ ਬੱਚੀ ਨੂੰ ਲੈ ਕੇ ਭੈਣ ਸੋਨੀਆ ਕੋਲ ਰਹਿਣ ਲੱਗੀ।

ਮਾਂ ਦਿਹਾੜੀ ਕਰਕੇ ਬੱਚੀ ਨੂੰ ਪਾਲ ਰਹੀ ਸੀ। ਉਸ ਨੂੰ ਨੇੜਲੇ ਸਰਕਾਰੀ ਸਕੂਲ ਵਿੱਚ ਦਾਖਲ ਵੀ ਕਰਵਾਇਆ ਗਿਆ। ਸਿਰਫ਼ ਬੱਚੀ ਦੇ ਦਸਤਾਵੇਜ਼ ਜਮ੍ਹਾ ਕਰਵਾਉਣੇ ਬਾਕੀ ਸਨ ਪਰ ਇਸ ਤੋਂ ਪਹਿਲਾਂ ਹੀ ਲੜਕੀ ਦੁਨੀਆ ਨੂੰ ਅਲਵਿਦਾ ਕਹਿ ਗਈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ