ਮੁੰਬਈ | 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਤਾਜ ਭਾਰਤ ਦੇ ਸਿਰ ਸਜਿਆ। ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ 70ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਇਕ ਵਾਰ ਫਿਰ ਭਾਰਤ ਦਾ ਨਾਂ ਦੁਨੀਆ ਦੇ ਸਾਹਮਣੇ ਲਿਆਂਦਾ ਹੈ।
21 ਸਾਲਾ ਹਰਨਾਜ਼ ਨੇ ਪੈਰਾਗਵੇ ਦੀ ਨਾਦੀਆ ਫਰੇਰਾ ਤੇ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ ਨੂੰ ਪਿੱਛੇ ਛੱਡ ਕੇ ਇਹ ਤਾਜ ਜਿੱਤਿਆ ਹੈ। ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ 1994 ਤੇ ਲਾਰਾ ਦੱਤਾ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਚੁੱਕੀ ਹੈ।
ਵੈਸੇ ਤਾਂ ਹਰਨਾਜ਼ ਦੀ ਗੱਲ ਕਰੀਏ ਤਾਂ ਉਹ ਬਚਪਨ ‘ਚ ਕਾਫੀ ਕਿਊਟ ਲੱਗਦੀ ਸੀ ਪਰ ਅੱਜ ਤੱਕ ਉਸ ਦਾ ਲੁੱਕ ਕਾਫੀ ਗਲੈਮਰਸ ਅਤੇ ਬੋਲਡ ਰਿਹਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਕਈ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਹੇਠਾਂ ਦੇਖੋ ਹਰਨਾਜ਼ ਸੰਧੂ ਦੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਕੁਝ ਤਸਵੀਰਾਂ…
ਦੱਸ ਦੇਈਏ ਕਿ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਸ ਸਾਲ ਇਜ਼ਰਾਈਲ ਵਿੱਚ ਹੋਇਆ ਸੀ। ਇਸ ਮੁਕਾਬਲੇ ਦੇ ਮੁੱਢਲੇ ਪੜਾਅ ਵਿੱਚ 75 ਤੋਂ ਵੱਧ ਸੁੰਦਰ ਪ੍ਰਤੀਯੋਗੀਆਂ ਨੇ ਭਾਗ ਲਿਆ ਤੇ ਇਨ੍ਹਾਂ ਸਭ ਨੂੰ ਹਰਾ ਕੇ ਹਰਨਾਜ਼ ਸੰਧੂ ਨੇ ਤਾਜ ਆਪਣੇ ਨਾਂ ਕਰ ਲਿਆ।
ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ ਇਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਹਰਨਾਜ਼ ਫਿਟਨੈੱਸ ਅਤੇ ਯੋਗਾ ਪ੍ਰੇਮੀ ਹੈ। 2017 ਵਿੱਚ ਉਹ ਟਾਈਮਜ਼ ਫਰੈੱਸ਼ ਫੇਸ ਮਿਸ ਚੰਡੀਗੜ੍ਹ ਬਣੀ।
ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਹੁਣ ਆਪਣੇ ਕਰੀਅਰ ਵਿੱਚ ਕਈ ਐਵਾਰਡ ਜਿੱਤ ਚੁੱਕੀ ਹੈ। ਇਨ੍ਹਾਂ ‘ਚ 2018 ਵਿੱਚ ਮਿਸ ਮੈਕਸ ਐਮਰਜਿੰਗ ਸਟਾਰ 2019 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਤੇ 2021 ਵਿੱਚ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਸ਼ਾਮਲ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਕੂਲ ਦੇ ਦਿਨਾਂ ਦੌਰਾਨ ਪਤਲੇ ਹੋਣ ਕਾਰਨ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ, ਜਿਸ ਕਾਰਨ ਉਹ ਡਿਪ੍ਰੈਸ਼ਨ ਵਿੱਚ ਵੀ ਚਲੀ ਗਈ ਸੀ।
ਹਾਲਾਂਕਿ ਅਜਿਹੇ ਸਮੇਂ ‘ਚ ਪਰਿਵਾਰ ਨੇ ਉਸ ਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਉਹ ਖਾਣ-ਪੀਣ ਦੀ ਬਹੁਤ ਸ਼ੌਕੀਨ ਹੈ ਪਰ ਇਸ ਦੇ ਨਾਲ ਹੀ ਉਹ ਆਪਣੀ ਫਿਟਨੈੱਸ ਦਾ ਵੀ ਪੂਰਾ ਧਿਆਨ ਰੱਖਦੀ ਹੈ।
ਉਸ ਨੇ 2017 ‘ਚ ਕਾਲਜ ਵਿੱਚ ਇਕ ਸ਼ੋਅ ਦੌਰਾਨ ਆਪਣੀ ਪਹਿਲੀ ਸਟੇਜ ਪੇਸ਼ਕਾਰੀ ਦਿੱਤੀ। ਉਦੋਂ ਤੋਂ ਉਸ ਦਾ ਮਾਡਲਿੰਗ ਸਫਰ ਸ਼ੁਰੂ ਹੋਇਆ।
ਹਰਨਾਜ਼ ਸੰਧੂ ਨੂੰ ਘੋੜ ਸਵਾਰੀ, ਤੈਰਾਕੀ ਅਤੇ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਸਵਾਰੀ ਕਰਦੇ ਹੋਏ ਆਪਣੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਹਰਨਾਜ਼ ਸੰਧੂ ਇਸ ਸਮੇਂ ਪਬਲਿਕ ਐਡਮਨਿਸਟ੍ਰੇਸ਼ਨ ਵਿੱਚ ਮਾਸਟਰਜ਼ ਕਰ ਰਹੀ ਹੈ। ਮਾਡਲਿੰਗ ਤੋਂ ਇਲਾਵਾ ਉਹ ਫਿਲਮਾਂ ਦਾ ਵੀ ਸ਼ੌਕੀਨ ਹੈ। ਖਬਰਾਂ ਦੀ ਮੰਨੀਏ ਤਾਂ ਉਹ ਬਾਲੀਵੁੱਡ ‘ਚ ਵੀ ਕੰਮ ਕਰ ਸਕਦੀ ਹੈ।
ਇੰਨਾ ਹੀ ਨਹੀਂ, ਉਸ ਕੋਲ 2 ਪੰਜਾਬੀ ਫਿਲਮਾਂ ਦੇ ਆਫਰ ਵੀ ਹਨ। ਜਲਦ ਹੀ ਉਹ ਪੰਜਾਬੀ ਫਿਲਮਾਂ ‘ਯਾਰਾ ਦੀਆਂ ਪੌਂ ਬਾਰਾਂ’ ਤੇ ‘ਬਾਈ ਜੀ ਕੁੱਟਾਂਗੇ’ ਵਿੱਚ ਨਜ਼ਰ ਆਵੇਗੀ।
ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਨੇ ਇਸ ਖਾਸ ਪਲ ਲਈ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਦੇ ਮਾਰਗਦਰਸ਼ਨ ਸਦਕਾ ਇਹ ਮੁਕਾਮ ਹਾਸਲ ਕਰ ਸਕੀ ਹੈ। ਨਾਲ ਹੀ ਉਸ ਨੇ ਸਾਰਿਆਂ ਦੇ ਪਿਆਰ ਅਤੇ ਦੁਆਵਾਂ ਲਈ ਧੰਨਵਾਦ ਵੀ ਕਿਹਾ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ