ਚੰਡੀਗੜ੍ਹ | ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਪੰਜਾਬ ਵਿੱਚ ਹਰਨਾਜ਼ ਸੰਧੂ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ 21 ਸਾਲਾ ਬਿਊਟੀ ਕੁਈਨ ਨੇ ਸੋਮਵਾਰ ਨੂੰ ਮਿਸ ਯੂਨੀਵਰਸ 2021 ਦਾ ਤਾਜ ਜਿੱਤਿਆ।
ਲਾਰਾ ਦੱਤਾ ਨੇ ਭਾਰਤ ਲਈ ਇਹ ਖਿਤਾਬ ਜਿੱਤਣ ਤੋਂ 21 ਸਾਲਾਂ ਬਾਅਦ ਹਰਨਾਜ਼ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ। ਇਹ ਕਹਿਣ ਦੀ ਲੋੜ ਨਹੀਂ ਕਿ ਐਲਾਨ ਤੋਂ ਬਾਅਦ ਹਰਨਾਜ਼ ਲਈ ਇਹ ਪਲ ਭਾਵੁਕ ਸਨ।
ਹਰਨਾਜ਼ ਦੇ 4 ਮੈਂਬਰਾਂ ਦੇ ਪਰਿਵਾਰ ਵਿੱਚ ਉਸ ਦੇ ਪਿਤਾ ਪੀਐੱਸ ਸੰਧੂ, ਮਾਂ ਰਵਿੰਦਰ ਤੇ ਭਰਾ ਹਰਨੂਰ ਹਨ। ਉਹ ਉਸ ਦੀ ਇਤਿਹਾਸਕ ਪ੍ਰਾਪਤੀ ਤੋਂ ਬਹੁਤ ਖੁਸ਼ ਹਨ ਤੇ ਇਸ ਬਾਰੇ ਉਨ੍ਹਾਂ ਗੱਲ ਕੀਤੀ ਕਿ ਹਰਨਾਜ਼ ਦੇ ਇਜ਼ਰਾਈਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਉਹ ਕਿਵੇਂ ਜਸ਼ਨ ਮਨਾਉਣਗੇ, ਜਿੱਥੇ ਇਹ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ।
ਪਿਤਾ ਪੀਐੱਸ ਸੰਧੂ ਨੇ ਭਾਵੁਕ ਹੁੰਦਿਆਂ ਕਿਹਾ, “ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਰੱਬ ਤੋਂ ਹੋਰ ਕੀ ਮੰਗ ਸਕਦੇ ਹਾਂ। ਸਾਡੀ ਬੇਟੀ ਨੇ ਸਾਡੇ ਸਾਰੇ ਸੁਪਨੇ ਪੂਰੇ ਕੀਤੇ ਹਨ। ਜਦੋਂ ਉਹ ਘਰ ਪਹੁੰਚੇਗੀ ਤਾਂ ਸਾਰੇ ਜਸ਼ਨ ਪੰਜਾਬੀ ਸਟਾਈਲ ਵਿੱਚ ਭੰਗੜੇ ਤੇ ਗਿੱਧੇ ਨਾਲ ਹੋਣਗੇ।”
ਉਸ ਨੇ ਅੱਗੇ ਕਿਹਾ, “ਮੇਰੇ ਪਿਤਾ ਦੇ 17 ਭਰਾ ਹਨ ਤੇ ਹਰਨਾਜ਼ ਪੂਰੇ ਸੰਧੂ ਪਰਿਵਾਰ ਦੀ ਇਕਲੌਤੀ ਬੱਚੀ ਹੈ। ਪੰਜਾਬੀ ਹੋਣ ਦੇ ਨਾਤੇ ਅਸੀਂ ਬਹੁਤ ਸਾਰਾ ਮੱਖਣ, ਪਰਾਂਠੇ ਤੇ ਘਿਓ ਖਾਣਾ ਪਸੰਦ ਕਰਦੇ ਹਾਂ ਪਰ ਹਰਨਾਜ਼ ਹਮੇਸ਼ਾ ਤੇਲ ਵਾਲੇ ਭੋਜਨ ਖਾਣ ਤੋਂ ਪ੍ਰਹੇਜ਼ ਕਰਦੀ ਹੈ। ਉਸ ਨੂੰ ਜ਼ਿਆਦਾਤਰ ਫਲ ਤੇ ਸਲਾਦ ਪਸੰਦ ਹਨ। ਉਸ ਨੂੰ ਖਾਣਾ ਬਣਾਉਣਾ ਵੀ ਪਸੰਦ ਹੈ। ਉਹ ਖਾਣ-ਪੀਣ ਦੀ ਸ਼ੌਕੀਨ ਹੈ ਤੇ ਆਈਸਕ੍ਰੀਮ ਦਾ ਆਨੰਦ ਮਾਣਦੀ ਹੈ।”
ਹਰਨਾਜ਼ ਦੀ ਮਾਂ ਰਵਿੰਦਰ ਸੰਧੂ, ਜੋ ਕਿ ਮੋਹਾਲੀ ਦੇ ਸੋਹਾਣਾ ਹਸਪਤਾਲ ਵਿੱਚ ਇਕ ਸੀਨੀਅਰ ਮੈਡੀਕਲ ਅਫਸਰ ਹੈ, ਨੇ ਉਸ ਦੇ ਮਨਪਸੰਦ ਭੋਜਨ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ, “ਹਰਨਾਜ਼ ਨੂੰ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਪਸੰਦ ਹੈ ਤੇ ਮੈਂ ਇਹ ਉਸ ਲਈ ਬਣਾਵਾਂਗੀ। ਬਚਪਨ ਤੋਂ ਹੀ ਗਲੈਮਰ ਇੰਡਸਟਰੀ ‘ਚ ਹਮੇਸ਼ਾ ਉਸ ਨੇ ਦਿਲਚਸਪੀ ਦਿਖਾਈ ਹੈ ਤੇ ਅਸੀਂ ਉਸ ਨੂੰ ਉਸ ਦੇ ਸੁਪਨਿਆਂ ਤੇ ਟੀਚਿਆਂ ਦਾ ਪਿੱਛਾ ਕਰਨ ਤੋਂ ਕਦੇ ਨਹੀਂ ਰੋਕਿਆ।”
ਹਰਨਾਜ਼ ਦਾ ਭਰਾ ਹਰਨੂਰ ਸੰਧੂ ਉਸ ਤੋਂ 7 ਸਾਲ ਵੱਡਾ ਹੈ। ਹਰਨੂਰ ਨੇ ਕਿਹਾ, “ਬੀਤੀ ਰਾਤ ਸੰਧੂ ਪਰਿਵਾਰ ਉਤੇਜਨਾ ਤੇ ਦਬਾਅ ਕਾਰਨ ਸੌਂ ਨਹੀਂ ਸਕਿਆ ਪਰ ਅਸੀਂ ਜਾਣਦੇ ਸੀ ਕਿ ਹਰਨਾਜ਼ ਸਾਡਾ ਮਾਣ ਵਧਾਏਗੀ ਤੇ ਉਸ ਨੇ ਅਜਿਹਾ ਹੀ ਕੀਤਾ।”
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ