ਚੰਡੀਗੜ੍ਹ | ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਏ ਆਪਣੀ ਤਰ੍ਹਾਂ ਦੇ ਪਹਿਲੇ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ ਵਿਚ 2 ਦਰਜਨ ਤੋਂ ਜ਼ਿਆਦਾ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਪੰਜਾਬ ਦੇ ਪਿੰਡਾਂ ਨੂੰ ਸਾਫ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਨੂੰ ਪਹਿਲ ਦਿੱਤੀ ਜਾਵੇ ਅਤੇ ਸੀਵਰੇਜ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ।
ਮੋਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਵਿਚ ਲਗਾਏ ਗਏ ਆਨਲਾਈਨ ਜਨਤਾ ਦਰਬਾਰ ਵਿਚ ਰੋਪੜ, ਫਾਜ਼ਿਲਕਾ, ਹੁਸ਼ਿਆਰਪੁਰ, ਬਠਿੰਡਾ, ਮੋਹਾਲੀ, ਪਟਿਆਲਾ, ਮਾਨਸਾ ਅਤੇ ਗੁਰਦਾਸਪੁਰ ਜ਼ਿਲਿਆਂ ‘ਚੋਂ ਕੁੱਲ 26 ਸ਼ਿਕਾਇਤਾਂ ਆਈਆਂ। ਜ਼ਿਆਦਾ ਸ਼ਿਕਾਇਤਾਂ ਪਾਣੀ ਦੀ ਸਪਲਾਈ ਨਾਲ ਸਬੰਧਤ ਸਨ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਜਨਤਾ ਦਰਬਾਰ ਵਿਚ ਮੌਜੂਦ ਉੱਚ ਅਧਿਕਾਰੀਆਂ ਨੂੰ ਤੁਰੰਤ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਿਰਦੇਸ਼ ਦਿੱਤੇ।
ਜਿਹੜੀਆਂ ਸ਼ਿਕਾਇਤਾਂ ਥੋੜ੍ਹੇ ਸਮੇਂ ਵਿਚ ਹੱਲ ਹੋਣ ਵਾਲੀਆਂ ਹਨ, ਉਨ੍ਹਾਂ ਬਾਰੇ ਜਿੰਪਾ ਨੇ ਅਧਿਕਾਰੀਆਂ ਨੂੰ ਸਮਾਂਬੱਧ ਹੱਲ ਕਰਨ ਲਈ ਕਿਹਾ। ਬਾਕੀ ਸ਼ਿਕਾਇਤਾਂ ਬਾਬਤ ਉੱਚ ਅਧਿਕਾਰੀਆਂ ਨੂੰ ਮੌਕੇ ‘ਤੇ ਜਾ ਕੇ ਜਾਇਜ਼ਾ ਲੈ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 15 ਦਿਨ ਬਾਅਦ ਲਗਾਏ ਜਾਣ ਵਾਲੇ ਜਨਤਾ ਦਰਬਾਰ ਵਿਚ ਉਹ ਅੱਜ ਦੀਆਂ ਸ਼ਿਕਾਇਤਾਂ ਦਾ ਪਹਿਲਾਂ ਰਿਵਿਊ ਕਰਨਗੇ ਅਤੇ ਬਾਕੀ ਸ਼ਿਕਾਇਤਾਂ ਬਾਅਦ ਵਿਚ ਸੁਣਨਗੇ।
ਕੁੱਲ ਸ਼ਿਕਾਇਤਾਂ ਵਿਚੋਂ 25 ਸ਼ਿਕਾਇਤਾਂ ਆਨ ਲਾਈਨ ਸੁਣੀਆਂ ਗਈਆਂ ਅਤੇ ਇਕ ਸ਼ਿਕਾਇਤ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਬਲਾਕ ਦੇ ਪਿੰਡ ਫਤਿਹਗੜ੍ਹ ਛੰਨਾ ਤੋਂ ਗੇਜ ਕੌਰ ਨੇ ਮੰਤਰੀ ਸਾਹਮਣੇ ਰੱਖੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਾਣੀ ਦੀ ਪਾਈਪ ਵਿਚ ਲਗਾਤਾਰ ਲੀਕੇਜ ਹੋਣ ਕਾਰਣ ਉਸ ਦੇ ਘਰ ਦੀਆਂ ਦੀਵਾਰਾਂ ਵਿਚ ਤਰੇੜਾਂ ਆ ਰਹੀਆਂ ਹਨ। ਜਿੰਪਾ ਨੇ ਮੌਕੇ ਉੱਤੇ ਹੀ ਸਬੰਧਤ ਅਧਿਕਾਰੀਆਂ ਨੂੰ ਸਥਿਤੀ ਦਾ ਮੁਆਇਨਾ ਕਰ ਕੇ ਸਮੱਸਿਆ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਮੰਤਰੀ ਜਿੰਪਾ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਪਿੰਡ ਵਾਸੀ ਨੂੰ ਜੇਕਰ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਬੇਝਿਜਕ ਆਪਣੀ ਸ਼ਿਕਾਇਤ ਆਨ ਲਾਈਨ, ਟੋਲ ਫਰੀ ਨੰਬਰ ਜਾਂ ਈਮੇਲ ਰਾਹੀਂ ਦਰਜ ਕਰਵਾਵੇ। ਹਰ ਸ਼ਿਕਾਇਤ, ਸਮੱਸਿਆ ਅਤੇ ਦਿੱਕਤ ਦਾ ਹੱਲ ਕੱਢਣ ਦਾ ਪੂਰਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਜਨਤਾ ਦਰਬਾਰ ਦੀ ਕਾਮਯਾਬੀ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹਰੇਕ ਅਫਸਰ ਤੇ ਕਰਮਚਾਰੀ ਨੂੰ ਅੱਗਿਓਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਮੁਖੀ ਮੁਹੰਮਦ ਇਸ਼ਫਾਕ ਨੇ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਲੋਕ ਸਮੱਸਿਆਂਵਾਂ ਦੇ ਹੱਲ ਲਈ ਵਿਭਾਗ ਦਾ ਹਰੇਕ ਅਧਿਕਾਰੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਵਾਸੀ, ਪੰਚਾਇਤ ਜਾਂ ਹੋਰ ਲੋਕ ਨੁਮਾਇੰਦੇ ਵਿਭਾਗ ਨਾਲ ਸਬੰਧਤ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੁੰਦੇ ਹਨ, ਉਹ ਵਿਭਾਗ ਵੱਲੋਂ ਜਾਰੀ ਆਨ ਲਾਈਨ ਲਿੰਕ, ਟੋਲ ਫਰੀ ਨੰਬਰ ਜਾਂ ਈਮੇਲ ਰਾਹੀਂ ਆਪਣੀ ਸ਼ਿਕਾਇਤ ਬਿਨਾਂ ਕਿਸੇ ਝਿਜਕ ਦੇ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਸਾਧਨਾਂ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਵਿਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਜ਼ਦੀਕੀ ਦਫਤਰ ਨਾਲ ਰਾਬਤਾ ਕਰ ਸਕਦਾ ਹੈ। ਸਬੰਧਤ ਦਫਤਰ ਦਾ ਅਧਿਕਾਰੀ ਉਕਤ ਸ਼ਿਕਾਇਤ ਕਰਤਾ ਨੂੰ ਆਪਣੇ ਦਫਤਰ ਰਾਹੀਂ ਆਨ ਲਾਈਨ ਜਨਤਾ ਦਰਬਾਰ ਵਿਚ ਮੰਤਰੀ ਸਾਹਮਣੇ ਪੇਸ਼ ਕਰੇਗਾ, ਜਿੱਥੇ ਉਹ ਆਪਣੀ ਸਮੱਸਿਆ ਰੱਖ ਸਕਦਾ ਹੈ।
ਕਾਬਿਲੇਗੌਰ ਹੈ ਕਿ ਜਨਤਾ ਦਰਬਾਰ ਵਿਚ ਆਈਆਂ ਸ਼ਿਕਾਇਤਾਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ 1 ਮਾਰਚ 2022 ਤੋਂ ਹੁਣ ਤੱਕ ਕੁੱਲ 18 ਹਜ਼ਾਰ 693 ਸ਼ਿਕਾਇਤਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚੋਂ 18 ਹਜ਼ਾਰ 308 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।