ਜਲੰਧਰ, 1 ਫਰਵਰੀ| ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਔਰਤਾਂ ਸਮੇਤ ਪੰਜ ਪ੍ਰਵਾਸੀ ਨਸ਼ਾ ਤਸਕਰਾਂ ਨੂੰ 5 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਤਸਕਰਾਂ ਦਾ ਗਿਰੋਹ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਬੁੱਧਵਾਰ ਨੂੰ ਬਾਬਾ ਬੁੱਢਾ ਜੀ ਫਲਾਈਓਵਰ ‘ਤੇ ਜਾਲ ਵਿਛਾਇਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਕਪੂਰਥਲਾ ਰੋਡ ਵਾਲੇ ਪਾਸੇ ਤੋਂ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਆਉਂਦੇ ਦੇਖਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਗਿਰੋਹ ਦੇ ਪੁਰਸ਼ ਮੈਂਬਰਾਂ ਨੇ ਸ਼ੱਕੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਦੋਨੋ ਪੁਰਸ਼ਾਂ ਪਾਸੋਂ 2 ਕਿਲੋ ਅਫੀਮ ( 1 ਕਿਲੋ ਪ੍ਰਤੀ ਵਿਅਕਤੀ) ਬਰਾਮਦ ਹੋਈ। ਸਵਪਨ ਸ਼ਰਮਾ ਨੇ ਦੱਸਿਆ ਕਿ ਔਰਤਾਂ ਦੇ ਥੈਲਿਆਂ ਦੀ ਤਲਾਸ਼ੀ ਦੌਰਾਨ ਤਿੰਨ ਕਿਲੋ ਅਫੀਮ (ਹਰੇਕ ਵਿੱਚੋਂ 1 ਕਿਲੋ) ਬਰਾਮਦ ਹੋਈ ਅਤੇ ਸਾਰੇ ਪੰਜ ਤਸਕਰਾਂ ਕੋਲੋਂ ਕੁੱਲ 5 ਕਿਲੋ ਅਫੀਮ ਬਰਾਮਦ ਹੋਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਝਾਰਖੰਡ ਰਾਜ ਦੇ ਰਹਿਣ ਵਾਲੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਤਸਕਰਾਂ ਖਿਲਾਫ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।