ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ : ਅਗਲੇ 5 ਦਿਨਾਂ ਤੱਕ ਇਨ੍ਹਾਂ 10 ਰਾਜਾਂ ‘ਚ ਵਧੇਗੀ ਪ੍ਰੇਸ਼ਾਨੀ, ਪਏਗੀ ਕੜਾਕੇ ਦੀ ਠੰਡ

0
1148

ਨਵੀਂ ਦਿੱਲੀ | ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਭਾਰਤ ਦੇ ਮੌਸਮ ਵਿਭਾਗ ਨੇ ਕੁਝ ਰਾਜਾਂ ਵਿੱਚ ਹਲਕੀ ਬਾਰਿਸ਼ ਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ 16 ਦਸੰਬਰ ਨੂੰ ਕੁਝ ਰਾਜਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕੁਝ ਰਾਜਾਂ ਵਿੱਚ ਸੰਘਣੀ ਧੁੰਦ ਦੀ ਚਿਤਾਵਨੀ ਵੀ ਦਿੱਤੀ ਹੈ।

ਇਨ੍ਹਾਂ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਤ ਲਹਿਰ ਦੀ ਸੰਭਾਵਨਾ

ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਵਿੱਚ 20 ਦਸੰਬਰ ਤੱਕ ਅਤੇ ਹਰਿਆਣਾ, ਚੰਡੀਗੜ੍ਹ ਤੇ ਉੱਤਰੀ ਰਾਜਸਥਾਨ ਵਿੱਚ 18 ਤੋਂ 20 ਦਸੰਬਰ ਤੱਕ ਸੀਤ ਲਹਿਰ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ IMD ਨੇ 16 ਤੇ 17 ਦਸੰਬਰ ਨੂੰ ਸਵੇਰ ਦੇ ਸਮੇਂ ਪੰਜਾਬ, ਅਸਾਮ, ਮੇਘਾਲਿਆ, ਮਨੀਪੁਰ, ਨਾਗਾਲੈਂਡ, ਤ੍ਰਿਪੁਰਾ ਤੇ ਮਿਜ਼ੋਰਮ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ।

ਇਨ੍ਹਾਂ ਰਾਜਾਂ ਵਿੱਚ ਪੈ ਸਕਦਾ ਹੈ ਮੀਂਹ

ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਦੌਰਾਨ ਪੱਛਮੀ ਹਿਮਾਲੀਅਨ ਖੇਤਰ ‘ਚ ਹਲਕੀ ਬਾਰਿਸ਼ ਜਾਂ ਬਰਫਬਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ 16 ਦਸੰਬਰ ਨੂੰ ਨਾਲ ਲੱਗਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

ਆਈਐੱਮਡੀ ਦੇ ਅਨੁਸਾਰ ਅਗਲੇ 3 ਦਿਨਾਂ ਤੱਕ ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ, ਜਦਕਿ ਉੱਤਰਾਖੰਡ ਵਿੱਚ 16 ਤੇ 17 ਦਸੰਬਰ ਨੂੰ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ