ਫ਼ਤਹਿਗੜ੍ਹ ਸਾਹਿਬ : ਸ਼ਹੀਦੀ ਸਭਾ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜ਼ਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਮਾਲੇਰਕੋਟਲਾ ਦੀ ‘ਸਿੱਖ ਮੁਸਲਿਮ ਸਾਂਝਾਂ’ ਨਾਮਕ ਸੰਸਥਾ ਦੇ ਤਹਿਤ ਮੁਸਲਿਮ ਭਾਈਚਾਰਾ ਸ਼ਹੀਦੀ ਸਭਾ ’ਚ ਸੰਗਤਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਲੰਗਰ ਛਕਾ ਕੇ ਭਾਈਚਾਰਕ ਸਾਂਝ ਅਤੇ ਅਮਨ ਦਾ ਸੁਨੇਹਾ ਦੇ ਰਿਹਾ ਹੈ।
ਸ੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨੇੜੇ ਲੱਗਾ ਚੌਲਾਂ ਦਾ ਇਹ ਲੰਗਰ ਵਿਸ਼ੇਸ਼ ਤੌਰ ‘ਤੇ ਮਾਲੇਕੋਟਲਾ ਦੇ ਹਲਵਾਈਆਂ ਵੱਲੋ ਤਿਆਰ ਕੀਤਾ ਜਾਂਦਾ ਹੈ।
ਲੰਗਰ ’ਚ ਸੇਵਾ ਕਰ ਰਹੇ ’ਸਿੱਖ-ਮੁਸਲਿਮ ਸਾਂਝਾ’ ਨਾਮਕ ਸੰਸਥਾ ਦੇ ਬਾਨੀ ਡਾ. ਨਸੀਰ ਅਖਤਰ, ਜੋ ਪੇਸ਼ੇ ਤੋਂ ਡਾਕਟਰ ਹਨ ਅਤੇ ਸਿੱਖ ਇਤਿਹਾਸ ਦੀ ਖੋਜ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਨ, ਨੇ ਦੱਸਿਆ ਕਿ ਸੰਸਥਾ ਵੱਲੋਂ ਦੋ ਦਹਾਇਆਂ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ। ਹੋਰਨਾਂ ਧਰਮਾਂ ਵਾਂਗ ਇਸਲਾਮ ਵੀ ਇਨਸਾਨੀਅਤ ਨੂੰ ਪਿਆਰ ਕਰਨ ਦਾ ਸੁਨੇਹਾ ਦਿੰਦਾ ਹੈ।
ਸਿੱਖ ਧਰਮ ’ਤੇ 15 ਵਰ੍ਹੇ ਖੋਜ ਕਰ ਚੁੱਕੇ ਡਾ. ਨਸੀਰ ਅਖਤਰ ਦਾ ਕਹਿਣਾ ਹੈ ਕਿ ਬੇਸ਼ੱਕ ਮਾੜੇ ਅਨਸਰ ਹਰ ਧਰਮ ’ਚ ਹੁੰਦੇ ਹਨ ਪਰ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਬਹੁਤ ਗੂੜ੍ਹੀ ਚੱਲੀ ਆ ਰਹੀ ਹੈ ਤੇ ਉਨ੍ਹਾਂ ਦਾ ਵਿਸ਼ਵਾਸਕ ਹੈ ਕਿ ਇਹ ਸਾਂਝ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਕਾਇਮ ਰਹੇਗੀ।
ਸ਼ਹੀਦੀ ਸਭਾ ਫ਼ਤਹਿਗੜ੍ਹ ਸਾਹਿਬ ਤੋਂ ਇਲਾਵਾ ਉਹ ਹੋਰਨਾਂ ਥਾਵਾਂ ‘ਤੇ ਵੀ ਲੰਗਰ ਦੀ ਸੇਵਾ ਕਰਦੇ ਰਹਿੰਦੇ ਹਨ ਤੇ ਕਿਸਾਨ ਅੰਦੋਲਨ ਦੌਰਾਨ ਵੀ ਸੰਸਥਾ ਵੱਲੋਂ ਦਿੱਲੀ ਦੇ ਸਿੰਘੂ ਅਤੇ ਬਹਾਦਰਗੜ੍ਹ ਬਾਰਡਰ ’ਤੇ ਲਗਭਗ ਇੱਕ ਸਾਲ ਦੇ ਕਰੀਬ ਲੰਗਰ ਦੀ ਸੇਵਾ ਨਿਭਾਈ ਜਾ ਚੁੱਕੀ ਹੈ
ਸੰਸਥਾ ਦੇ ਮੁਖੀ ਡਾ. ਨਸੀਰ ਅਖਤਰ ਨੇ ਕਾਲਜ ਦੇ ਸਟਾਫ ਨੂੰ ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਭੀਖਮ ਸ਼ਾਹ, ਗਨੀ ਖਾਂ, ਨਬੀ ਖਾਂ ਆਦਿ ਮਹਾਨ ਸ਼ਖ਼ਸੀਅਤਾਂ ਦੇ ਗੁਰੂ ਘਰ ਪ੍ਰਤੀ ਪਿਆਰ ਅਤੇ ਸਤਿਕਾਰ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਰੀ ਲੋਕਾਈ ਇੱਕ ਅੱਲਾਹ ਦਾ ਪਰਿਵਾਰ ਹੈ।