ਸੰਘਣੀ ਧੁੰਦ ਨਾਲ ਪੰਜਾਬ ਦੇ ਇਨ੍ਹਾਂ ਸ਼ਹਿਰਾਂ ‘ਚ ਮਾਈਨਸ ਤੱਕ ਡਿੱਗੇਗਾ ਪਾਰਾ, ਜਾਣੋ ਕਦੋਂ ਪਏਗਾ ਮੀਂਹ

0
1741

ਚੰਡੀਗੜ੍ਹ | ਪੰਜਾਬ ‘ਚ ਦਿਨੋ-ਦਿਨ ਠੰਡ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਲੁਧਿਆਣਾ, ਪਟਿਆਲਾ ਤੇ ਫਰੀਦਕੋਟ ਵਿੱਚ ਤਾਪਮਾਨ ਮਾਈਨਸ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੰਘਣੀ ਧੁੰਦ ਰਹਿਣ ਦੇ ਵੀ ਆਸਾਰ ਹਨ। ਮੀਂਹ ਤੋਂ ਬਾਅਦ ਸੀਤ ਲਹਿਰ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਵਿਭਾਗ ਮੁਤਾਬਕ 24 ਦਸੰਬਰ ਨੂੰ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈ ਸਕਦਾ ਹੈ। ਪੰਜਾਬ ਤੇ ਹਰਿਆਣਾ ‘ਚ ਸਵੇਰ ਵੇਲੇ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਪਵੇਗੀ।

ਮੌਸਮ ਵਿਭਾਗ ਮੁਤਾਬਕ ਇਸ ਵੇਲੇ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 2.8 ਡਿਗਰੀ ਹੈ ਤੇ ਅਗਲੇ 24 ਘੰਟਿਆਂ ਦੌਰਾਨ ਇਹ ਘੱਟ ਕੇ -1.6 ਡਿਗਰੀ ਤੱਕ ਪਹੁੰਚ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਦੇ -3.7 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਪਟਿਆਲਾ ਵਿੱਚ ਇਸ ਵੇਲੇ ਘੱਟੋ-ਘੱਟ ਤਾਪਮਾਨ 4.6 ਡਿਗਰੀ ਹੈ, ਜੋ ਕਿ 24 ਘੰਟਿਆਂ ਦੌਰਾਨ 0.7 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਇਸ ਦੇ -2.4 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਉਥੇ ਹੀ ਅੰਮ੍ਰਿਤਸਰ ਵਿੱਚ ਤਾਪਮਾਨ 4.8 ਡਿਗਰੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਘੱਟ ਕੇ 1.0 ਡਿਗਰੀ ਤੱਕ ਪਹੁੰਚ ਸਕਦਾ ਹੈ।

ਜਲੰਧਰ ਵਿੱਚ ਇਸ ਵੇਲੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਹੈ, ਜੋ 24 ਘੰਟਿਆਂ ਦੌਰਾਨ ਘੱਟ ਕੇ 1.9 ਡਿਗਰੀ ਤੱਕ ਪਹੁੰਚ ਸਕਦਾ ਹੈ। ਸੰਗਰੂਰ ਵਿੱਚ ਘੱਟੋ-ਘੱਟ ਤਾਪਮਾਨ 4.1 ਡਿਗਰੀ ਹੈ ਤੇ 1.1 ਤੱਕ ਪਹੁੰਚਣ ਦੀ ਸੰਭਾਵਨਾ ਹੈ।

ਫਤਿਹਗੜ੍ਹ ਸਾਹਿਬ ਵਿੱਚ ਤਾਪਮਾਨ ਘੱਟੋ-ਘੱਟ 4.9 ਡਿਗਰੀ ਹੈ ਤੇ ਘੱਟ ਕੇ 0.1 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਗੁਰਦਾਸਪੁਰ ਵਿੱਚ ਵੀ ਤਾਪਮਾਨ 4.4 ਡਿਗਰੀ ਤੋਂ ਘੱਟ ਕੇ 1.4 ਡਿਗਰੀ ਤੱਕ ਪਹੁੰਚਣ ਦੇ ਆਸਾਰ ਹਨ।

ਚੰਡੀਗੜ੍ਹ ਵਿੱਚ ਵੀ ਤਾਪਮਾਨ ਇਸ ਵੇਲੇ 5.7 ਡਿਗਰੀ ਹੈ ਤੇ 24 ਘੰਟਿਆਂ ਵਿੱਚ ਇਹ ਘੱਟ ਕੇ 2.4 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ -1.1 ਤੱਕ ਘੱਟਣ ਦੀ ਸੰਭਾਵਨਾ ਹੈ।