ਕਰਵਾ ਚੌਥ ਵਾਲੇ ਦਿਨ ਉੱਜੜਿਆ ਸੁਹਾਗ, ਦੋਸਤਾਂ ਨਾਲ ਸ਼ਰਾਬ ਪੀਣ ਦੌਰਾਨ ਹੋਏ ਝਗੜੇ ’ਚ ਵਿਪਿਨ ਦੀ ਮੌਤ

0
12

ਲੁਧਿਆਣਾ, 1 ਨਵੰਬਰ | ਕਰਵਾ ਚੌਥ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਪਤੀ ਦੀ ਲੰਬੀ ਉਮਰ ਲਈ ਵਰਤ ਰੱਖਣ ਵਾਲੀ ਪਤਨੀ ਨੂੰ ਘਰ ਪਰਤਣ ’ਤੇ ਆਪਣੇ ਪਤੀ ਵਿਪਿਨ ਦੀ ਲਾਸ਼ ਮਿਲੀ। ਪਰਿਵਾਰ ਦੇ ਦੋਸ਼ਾਂ ਮੁਤਾਬਕ ਵਿਪਿਨ ਦੀ ਉਸ ਦੇ ਹੀ ਕੁਝ ਦੋਸਤਾਂ ਨੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਵਿਅਕਤੀ ਵਿਪਿਨ ਨੂੰ ਮੋਢੇ ’ਤੇ ਚੁੱਕ ਕੇ ਘਰ ਲਿਆਉਂਦੇ ਦਿਖਾਈ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਇਹ ਘਟਨਾ 29 ਅਕਤੂਬਰ ਨੂੰ ਕਰਵਾ ਚੌਥ ਵਾਲੇ ਦਿਨ ਦੀ ਹੈ। ਵਿਪਿਨ ਸਵੇਰੇ ਬਾਜ਼ਾਰ ਤੋਂ ਆਪਣੀ ਪਤਨੀ ਲਈ ਵਰਤ ਖੋਲ੍ਹਣ ਦਾ ਸਾਮਾਨ ਲੈ ਕੇ ਆਇਆ ਸੀ। ਘਰੋਂ ਜਾਂਦੇ ਸਮੇਂ ਉਸ ਨੇ ਪਤਨੀ ਨੂੰ ਕਿਹਾ ਸੀ ਕਿ ਰਾਤ ਨੂੰ ਦੋਵੇਂ ਇਕੱਠੇ ਖਾਣਾ ਖਾਣਗੇ ਅਤੇ ਉਹ ਕੁਝ ਚੰਗਾ ਜਿਹਾ ਬਣਾ ਕੇ ਰੱਖੇ। ਇਸ ਤੋਂ ਬਾਅਦ ਉਹ ਅਨਮੋਲ ਰਿਪੇਅਰ ਨਾਮ ਦੀ ਮਕੈਨਿਕ ਦੀ ਦੁਕਾਨ ’ਤੇ ਆਪਣੇ ਦੋਸਤਾਂ ਕੋਲ ਚਲਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਉੱਥੇ ਦੋਸਤਾਂ ਨਾਲ ਸ਼ਰਾਬ ਪੀਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਪਰਿਵਾਰ ਦੇ ਦੋਸ਼ ਹਨ ਕਿ ਇਸ ਦੌਰਾਨ ਦੋਸਤਾਂ ਨੇ ਵਿਪਿਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਲੱਤਾਂ-ਮੁੱਕਿਆਂ ਅਤੇ ਥੱਪੜਾਂ ਨਾਲ ਇੰਨਾ ਕੁੱਟਿਆ ਗਿਆ ਕਿ ਉਸ ਦੇ ਕੰਨਾਂ ਦੇ ਪਰਦੇ ਫਟ ਗਏ ਅਤੇ ਨੱਕ ਤੇ ਕੰਨਾਂ ਵਿੱਚੋਂ ਖੂਨ ਵਗਣ ਲੱਗ ਪਿਆ।

ਪਰਿਵਾਰ ਨੂੰ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਦੁਪਹਿਰ ਸਮੇਂ ਖਾਣੇ ਲਈ ਵਿਪਿਨ ਨੂੰ ਬੁਲਾਉਣ ਵਾਸਤੇ ਉਸ ਦੀ ਭੈਣ ਉੱਪਰ ਗਈ। ਉੱਥੇ ਉਸ ਨੇ ਵਿਪਿਨ ਨੂੰ ਬਿਸਤਰੇ ’ਤੇ ਬੇਹੋਸ਼ ਅਤੇ ਸਰੀਰ ਨੀਲਾ ਪਿਆ ਦੇਖਿਆ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਪਹਿਲਾਂ ਓਸਵਾਲ ਹਸਪਤਾਲ ਅਤੇ ਫਿਰ ਸਿਵਲ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵਿਪਿਨ ਦਾ ਪਰਿਵਾਰ ਪੜ੍ਹਿਆ-ਲਿਖਿਆ ਅਤੇ ਖੁਸ਼ਹਾਲ ਦੱਸਿਆ ਜਾ ਰਿਹਾ ਹੈ। ਉਸ ਦੇ ਮਾਤਾ-ਪਿਤਾ ਦੋਵੇਂ ਡਾਕਟਰ ਹਨ ਅਤੇ ਉਨ੍ਹਾਂ ਦਾ ਆਪਣਾ ਮਾਤਾ ਕਲੀਨਿਕ ਅਤੇ ਨਰਸਿੰਗ ਹੋਮ ਵੀ ਹੈ। ਵਿਪਿਨ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ, ਜਿਨ੍ਹਾਂ ਵਿੱਚ 15 ਸਾਲ ਦਾ ਬੇਟਾ ਅਤੇ 9 ਸਾਲ ਦੀ ਬੇਟੀ ਸ਼ਾਮਲ ਹਨ।

ਪੁਲਿਸ ਦੀ ਕਾਰਵਾਈ

ਪੁਲਿਸ ਅਧਿਕਾਰੀ ਮੁਤਾਬਕ ਦੋਸਤਾਂ ਨਾਲ ਸ਼ਰਾਬ ਪੀਣ ਦੌਰਾਨ ਹੋਏ ਝਗੜੇ ਤੋਂ ਬਾਅਦ ਵਿਪਿਨ ਦੀ ਮੌਤ ਹੋਈ। ਮ੍ਰਿਤਕ ਦੇ ਪਿਤਾ ਚੰਦਰਭਾਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਕਰਵਾ ਚੌਥ ਵਾਲੇ ਦਿਨ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਨ ਵਾਲੀ ਪਤਨੀ ਅਤੇ ਦੋ ਮਾਸੂਮ ਬੱਚਿਆਂ ਲਈ ਇਹ ਘਟਨਾ ਵੱਡਾ ਸਦਮਾ ਬਣ ਗਈ ਹੈ। ਜਿਸ ਘਰ ਵਿੱਚ ਤਿਉਹਾਰ ਦੀਆਂ ਖੁਸ਼ੀਆਂ ਹੋਣੀਆਂ ਸਨ, ਉੱਥੇ ਹੁਣ ਸੋਗ ਦਾ ਮਾਹੌਲ ਹੈ।