ਮੋਹਾਲੀ | ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਦਿੱਲੀ ਤੇ ਪੰਜਾਬ ਵਿਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਸਮੇਂ ਦਿੱਲੀ ਤੋਂ ਫੜੇ ਗਏ ਕਥਿਤ ਚਾਰ ਅੱਤਵਾਦੀਆਂ ਨੂੰ ਵੀਰਵਾਰ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ੀ ਦੀਪਕ ਸ਼ਰਮਾ, ਸੰਦੀਪ ਸਿੰਘ, ਮਨੀ ਡਾਗਰ ਤੇ ਵਿਪਿਨ ਜਾਖੜ ਦਾ ਰਿਮਾਂਡ ਲੈਣ ਲਈ ਸਰਕਾਰੀ ਵਕੀਲ ਨੇ ਅਦਾਲਤ ਵਿਚ ਤਰਕ ਦਿੱਤਾ ਕਿ ਇਨ੍ਹਾਂ ਚਾਰਾਂ ਦੇ ਸਬੰਧ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਨਾਲ ਹਨ ਜੋ ਸਿੱਧੇ ਪਾਕਿਸਤਾਨੀ ਏਜੰਸੀ ਦੇ ਸੰਪਰਕ ਵਿਚ ਹਨ। ਨਾਲ ਹੀ ਉਨ੍ਹਾਂ ਦੇ ਇਸ਼ਾਰੇ ‘ਤੇ ਉਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਦੀ ਕੋਸ਼ਿਸ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਕੁਝ ਨਾਮੀ ਲੋਕਾਂ ਦੀ ਹੱਤਿਆ ਕਰਨ ਦੀ ਸੀ।
ਇਸ ਵਿਚ ਮੋਹਾਲੀ, ਮੋਗਾ ਸਣੇ ਕਈ ਜ਼ਿਲ੍ਹਿਆਂ ਦੇ ਲੋਕ ਸ਼ਾਮਲ ਸਨ। ਇਹ ਲੋਕ ਕੌਣ ਹਨ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸੁਖਪਾਲ ਸਿੰਘ ਸਾਬਕਾ ਸਰਪੰਚ ਨੂੰ ਫਰੀਦਕੋਟ ਜੇਲ੍ਹ ਤੋਂ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ। ਚਾਰੋਂ ਦੋਸ਼ੀਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕਰਨੀ ਹੈ ਜਿਸ ਵਿਚ ਕਾਫੀ ਕੁਝ ਕੁਝ ਸਪੱਸ਼ਟ ਹੋਣ ਦੀ ਉਮੀਦ ਹੈ। ਅਦਾਲਤ ਨੇ ਸਰਕਾਰੀ ਵਕੀਲ ਦੀ ਦਲੀਲ ਸੁਣਨ ਦੇ ਬਾਅਦ ਕਥਿਤ ਦੋਸ਼ੀਆਂ ਨੂੰ 23 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਫੜੇ ਗਏ ਅੱਤਵਾਦੀ ਕੈਨੇਡਾ ਵਿਚ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਤੇ ਆਸਟ੍ਰੇਲੀਆ ਵਿਚ ਬੈਠੇ ਗੈਂਗਸਟਰ ਗੁਰਜੰਟ ਸਿੰਘ ਉਰਫ ਜੰਟਾ ਨਾਲ ਸੰਪਰਕ ਵਿਚ ਸਨ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਹੁੰਦੀ ਸੀ। ਦੋਵੇਂ ਗੈਂਗਸਟਰ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਦੋਸ਼ੀਆਂ ਦੇ ਕਬਜ਼ੇ ਵਿਚੋਂ 3 ਹੈਂਡ ਗ੍ਰੇਨੇਡ ਇਕ ਆਈਈਡੀ ਤੇ 9ਐੱਮਐੱਮ ਪਿਸਤੌਲ ਤੇ 40 ਕਾਰਤੂਸ ਬਰਾਮਦ ਹੋਏ ਸਨ। ਦੋਸ਼ੀਆਂ ‘ਤੇ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਫੇਜ਼-1 ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।