ਮਾਨਸਾ| ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਭਲਾਈਕੇ ਵਿੱਚ ਇੱਕ ਮਾਂ ਅਤੇ ਉਸਦੇ 10 ਮਹੀਨਿਆਂ ਦੇ ਮਾਸੂਮ ਪੁੱਤਰ ਨੂੰ ਦਾਜ ਲਈ ਜ਼ਿੰਦਾ ਸਾੜ ਦਿੱਤਾ ਗਿਆ। ਘਟਨਾ ਸੋਮਵਾਰ ਸਵੇਰੇ ਵਾਪਰੀ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪਤੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਖੁਦ ਨੂੰ ਅੱਗ ਲਗਾਈ ਸੀ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਹੀਰਾ ਸਿੰਘ ਵਾਲਾ ਦੇ ਵਸਨੀਕ ਨਾਜਰ ਸਿੰਘ ਨੇ ਥਾਣਾ ਝੁਨੀਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਛੇ ਸਾਲ ਪਹਿਲਾਂ ਆਪਣੀ ਲੜਕੀ ਪਵਨਦੀਪ ਕੌਰ (28) ਦਾ ਵਿਆਹ ਪਿੰਡ ਬੁਰਜ ਭਲਾਈ ਵਾਸੀ ਹਰਪ੍ਰੀਤ ਸਿੰਘ ਮਾਨਸਾ ਜਿਲ੍ਹਾ ਨਾਲ ਕੀਤਾ ਸੀ। ਵਿਆਹ ਦੌਰਾਨ ਉਸ ਨੇ ਆਪਣੀ ਸਮਰੱਥਾ ਤੋਂ ਵੱਧ ਦਾਜ ਦਿੱਤਾ ਸੀ। ਪਵਨਦੀਪ ਅਤੇ ਹਰਪ੍ਰੀਤ ਦਾ ਗੁਰਕੀਰਤ ਸਿੰਘ ਨਾਂ ਦਾ 10 ਮਹੀਨਿਆਂ ਦਾ ਬੇਟਾ ਵੀ ਹੈ।
ਨਾਜਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਹੀ ਸਹੁਰਾ ਪਰਿਵਾਰ ਹੋਰ ਦਾਜ ਲਿਆਉਣ ਲਈ ਉਸ ਦੀ ਲੜਕੀ ਦੀ ਕੁੱਟਮਾਰ ਕਰਦੇ ਸਨ। ਉਨ੍ਹਾਂ ਕਈ ਵਾਰ ਉਨ੍ਹਾਂ ਦੀ ਮੰਗ ਵੀ ਪੂਰੀ ਕੀਤੀ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਨੂੰ ਲੜਕੀ ਦੀ ਨਣਾਨ ਜਸਪਾਲ ਕੌਰ ਦਾ ਫੋਨ ਆਇਆ ਕਿ ਪਵਨਦੀਪ ਅਤੇ ਹਰਪ੍ਰੀਤ ਆਪਸ ਵਿੱਚ ਲੜ ਰਹੇ ਹਨ। ਇਸ ਤੋਂ ਬਾਅਦ ਉਹ ਪਿੰਡ ਬੁਰਜ ਭਲਾਈਕੇ ਪੁੱਜੇ, ਜਿਥੇ ਬੇਟੀ ਦੇ ਸਹੁਰਿਆਂ ਨੇ ਦੱਸਿਆ ਕਿ ਬੇਟੀ ਪਵਨਦੀਪ ਅਤੇ ਪੋਤਰੇ ਗੁਰਕੀਰਤ ਨੂੰ ਪਹਿਲਾਂ ਮਾਨਸਾ ਅਤੇ ਫਿਰ ਏਮਜ਼ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦੋਂ ਉਹ ਪਰਿਵਾਰ ਨਾਲ ਏਮਜ਼ ਪਹੁੰਚੇ ਤਾਂ ਮਾਂ-ਪੁੱਤ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਥਾਣਾ ਝੁਨੀਰ ਦੇ ਇੰਚਾਰਜ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਨਾਜਰ ਸਿੰਘ ਦੇ ਬਿਆਨਾਂ ‘ਤੇ ਮ੍ਰਿਤਕਾ ਦੇ ਪਤੀ ਹਰਪ੍ਰੀਤ ਸਿੰਘ, ਸੱਸ ਛਿੰਦਰ ਕੌਰ, ਜੀਜਾ ਬਿੰਦਰ ਸਿੰਘ ਤੇ ਨਣਦ ਜਸਪਾਲ ਕੌਰ ਖਿਲਾਫ਼ ਮਾਮਲਾ ਦਰਜ ਕਰਕੇ ਪਤੀ ਹਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਝੁਨੀਰ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਦੋਵੇਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।