ਮਾਨਸਾ : ਬੁਢਲਾਡਾ ਵਿਖੇ ਟਰੱਕ ਯੂਨੀਅਨ ਦੇ ਬੀਤੇ ਦਿਨੀਂ ਬਣਾਏ ਪ੍ਰਧਾਨ ਨੂੰ ਕੱਲ੍ਹ ਸ਼ਾਮ ਤੋਂ ਹੀ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਅੱਜ ਵਿਰੋਧੀ ਗੁੱਟ ਵੱਲੋਂ ਯੂਨੀਅਨ ਵਿੱਚ ਪਹੁੰਚ ਕੇ ਮੌਜੂਦਾ ਪ੍ਰਧਾਨ ਅਤੇ ਉਸਦੇ ਹਮਾਇਤੀਆਂ ਉੱਪਰ ਫਾਇਰਿੰਗ ਕਰਨ ਤੋਂ ਬਾਅਦ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਯੂਨੀਅਨ ਦੇ ਸਾਬਕਾ ਪ੍ਰਧਾਨ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਹਨ। ਉੱਧਰ ਡੀਐਸਪੀ ਬੁਢਲਾਡਾ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਰਾਮਇੰਦਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਬੀਤੇ ਕੱਲ੍ਹ ਹੀ ਸਰਬ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਹੈ ਕਿ ਅੱਜ ਵਿਰੋਧੀ ਗੁੱਟ ਵੱਲੋਂ ਟਰੱਕ ਯੂਨੀਅਨ ਵਿੱਚ ਪਹੁੰਚ ਕੇ ਪਹਿਲਾਂ ਫਾਇਰਿੰਗ ਕੀਤੀ ਗਈ ਅਤੇ ਫਿਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ। ਓਧਰ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੁਢਲਾਡਾ ਦੇ ਡੀਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਮੁਖੀ ਸਮੇਤ ਮੌਕੇ ਦਾ ਜਾਇਜ਼ਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।