ਮਾਨਸਾ, 30 ਅਕਤੂਬਰ| ਮਾਨਸਾ ਦੇ ਪਿੰਡ ਰਾਮਪੁਰ ਮੰਡੇਰ ‘ਚ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਨਕ ਸਿੰਘ ਪੁੱਤਰ ਧਿਆਨ ਸਿੰਘ (35) ਵਾਸੀ ਰਿਉਂਦ ਕਲਾਂ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਮੋਟਰਸਾਈਕਲ ‘ਤੇ ਬੁਢਲਾਡਾ ਤੋਂ ਆਪਣੇ ਪਿੰਡ ਰਿਉਂਦ ਕਲਾਂ ਨੂੰ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਪਿੱਛੋਂ ਤੋਂ ਟੱਕਰ ਮਾਰ ਦਿਤੀ। ਇਸ ਦੌਰਾਨ ਉਹ ਕਾਫੀ ਦੂਰ ਜਾ ਕੇ ਸੜਕ ਕਿਨਾਰੇ ਲੱਗੀਆਂ ਝਾੜੀਆਂ ਵਿਚ ਡਿੱਗ ਗਿਆ। ਮ੍ਰਿਤਕ ਦੇ ਸਿਰ ‘ਤੇ ਸੱਟ ਵੱਜਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਰਾਹਗੀਰਾਂ ਅਨੁਸਾਰ ਮੋਟਰਸਾਈਕਲ ਸਵਾਰ ਦੀ ਲਾਸ਼ ਥੋੜੀ ਦੂਰ ਸੜਕ ਕਿਨ੍ਹਾਰੇ ‘ਤੇ ਖੜ੍ਹੀਆਂ ਝਾੜੀਆਂ ਕੋਲੋਂ ਮਿਲੀ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਨੇ ਦਸਿਆ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਕੇ ਦੋਸ਼ੀਆਂ ਦੀ ਪਛਾਣ ਕਰਨ ਦਾ ਕੰਮ ਤੇਜ਼ੀ ਨਾਲ ਕਰ ਰਹੀ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।