ਚੰਡੀਗੜ੍ਹ | ਪੰਜਾਬ ਭਵਨ ਵਿਖੇ ਰੱਖੇ ਸਮਾਗਮ ਦੌਰਾਨ ਓਲੰਪਿਕ ਤਮਗਾ ਜੇਤੂਆਂ ਅਤੇ ਟੋਕੀਓ ਓਲੰਪਿਕ-2020 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ, ਜਿਨ੍ਹਾਂ ਨੇ ਦੇਸ਼ ਖਾਸ ਕਰਕੇ ਸੂਬੇ ਦਾ ਨਾਂ ਰੌਸ਼ਨ ਕਰਕੇ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ, ਨੂੰ 28.36 ਕਰੋੜ ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਖੇਡ ਇਤਿਹਾਸ ਵਿੱਚ ਮੁੜ ਇਤਿਹਾਸ ਸਿਰਜਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਮੈਡਲ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਜਲਦ ਹੀ ਰੂਪ-ਰੇਖਾ ਤਿਆਰ ਕਰੇਗੀ। ਉਨ੍ਹਾਂ ਮੁੱਖ ਸਕੱਤਰ ਨੂੰ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ ‘ਤੇ ਵਿਚਾਰਨ ਲਈ ਕਿਹਾ।
ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਨਕਦ ਇਨਾਮੀ ਰਾਸ਼ੀ ਨੂੰ ਓਲੰਪਿਕ ਤਮਗਾ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਦੇ ਖਾਤਿਆਂ ਵਿੱਚ ਆਨਲਾਈਨ ਟਰਾਂਸਫਰ ਕੀਤਾ। ਮਹਿਲਾ ਹਾਕੀ ਖਿਡਾਰੀਆਂ ਨੇ ਮੁੱਖ ਮੰਤਰੀ ਨੂੰ ਆਪਣੇ ਸਮੁੱਚੇ ਟੀਮ ਮੈਂਬਰਾਂ ਦੇ ਦਸਤਖਤਾਂ ਵਾਲੀ ਹਾਕੀ ਭੇਟ ਕੀਤੀ।
ਮੁੱਖ ਮੰਤਰੀ ਨੇ ਪੁਰਸ਼ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਤੋਂ ਐੱਸਪੀ ਵਜੋਂ ਤਰੱਕੀ ਦਿੱਤੀ।
ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਅਤੇ ਉੱਘੇ ਐਥਲੀਟ ਮਿਲਖਾ ਸਿੰਘ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅੱਜ ਉਹ ਜ਼ਿੰਦਾ ਹੁੰਦੇ ਤਾਂ ਇਸ ਦੁਰਲੱਭ ਪ੍ਰਾਪਤੀ `ਤੇ ਸਭ ਤੋਂ ਜ਼ਿਆਦਾ ਖੁਸ਼ੀ ਇਨ੍ਹਾਂ ਦੋਹਾਂ ਮਹਾਨ ਖਿਡਾਰੀਆਂ ਨੂੰ ਹੋਣੀ ਸੀ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪੰਜਾਬ ਦਾ ਪਿਛੋਕੜ ਰੱਖਣ ਵਾਲੇ ਗੋਲਡ ਮੈਡਲ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਜੋ ਇਸ ਵਿਲੱਖਣ ਪ੍ਰਾਪਤੀ ਨੂੰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਹਨ, ਨੂੰ ਵੀ ਸਨਮਾਨਿਤ ਕਰੇਗੀ। ਨੀਰਜ ਚੋਪੜਾ ਅੱਜ ਦੇ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਸਕੇ।
ਮੁੱਖ ਮੰਤਰੀ ਨੇ ਕਿਹਾ- ਪੁਰਸ਼ ਹਾਕੀ ਵਿੱਚ ਇਤਿਹਾਸਕ ਜਿੱਤ ਅਤੇ ਮਹਿਲਾ ਹਾਕੀ ਟੀਮ ਤੇ ਐਥਲੀਟ ਕਮਲਪ੍ਰੀਤ ਕੌਰ ਵੱਲੋਂ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਅਤੇ ਖੇਡ ਭਾਵਨਾ ਹਮੇਸ਼ਾ ਉਭਰਦੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਮਾਣ-ਸਨਮਾਨ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ।
ਆਪਣੇ ਸੰਬੋਧਨ ਵਿੱਚ ਪੰਜਾਬ ਦੇ ਰਾਜਪਾਲ ਨੇ ਓਲੰਪਿਕ ਵਿਚ ਪੰਜਾਬ ਦੇ ਖਿਡਾਰੀਆਂ ਦੇ ਮਿਸਾਲੀ ਯੋਗਦਾਨ ਦਾ ਜਿਕਰ ਕਰਦਿਆਂ ਕਿਹਾ ਕਿ ਮਿੱਠਾਪੁਰ ਅਤੇ ਸੰਸਾਰਪੁਰ ਨੂੰ ਹਾਕੀ ਦੇ ਉੱਭਰਦੇ ਖਿਡਾਰੀਆਂ ਦੀਆਂ ਨਰਸਰੀਆਂ ਮੰਨਿਆ ਜਾਂਦਾ ਰਿਹਾ ਹੈ, ਜਿਨ੍ਹਾਂ ਨੇ ਕੌਮਾਂਤਰੀ ਖੇਡਾਂ ਵਿਚ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਓਲੰਪਿਕ ਵਿੱਚ ਹਾਕੀ ਟੀਮ ਵਿਚ ਇੱਕ ਵਾਰ ਤਾਂ ਬਹੁਤੇ ਮੈਂਬਰ ਇਕੱਲੇ ਸੰਸਾਰਪੁਰ ਦੇ ਸਨ।
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੁਰਜੀਤ ਹਾਕੀ ਅਕੈਡਮੀ ਦੀਆਂ ਲੀਹਾਂ ਉੱਤੇ ਮਹਿਲਾ ਹਾਕੀ ਅਕੈਡਮੀ ਸਥਾਪਿਤ ਕਰੇਗੀ। ਪੰਜਾਬੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਇਸ ਵਾਰ ਨਕਦ ਪੁਰਸਕਾਰਾਂ ਦੀ ਰਾਸ਼ੀ ਵਧਾ ਕੇ ਦੇਣ ਦਾ ਫੈਸਲਾ ਕੀਤਾ। ਇਸ ਮੌਕੇ ਕਾਂਸੀ ਤਮਗਾ ਜੇਤੂ 10 ਪੁਰਸ਼ ਹਾਕੀ ਖਿਡਾਰੀਆਂ ਨੂੰ 2.51-2.51 ਕਰੋੜ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀਆਂ 2 ਖਿਡਾਰਨਾਂ, ਭਾਰਤੀ ਪੁਰਸ਼ ਹਾਕੀ ਖਿਡਾਰੀ (ਭਾਗੀਦਾਰ) ਅਤੇ ਇਕ ਫਾਈਨਲਿਸਟ ਐਥਲੀਟ ਨੂੰ 50-50 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ 6 ਖਿਡਾਰੀਆਂ ਨੂੰ 21-21 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)