ਮਨਪ੍ਰੀਤ ਬਾਦਲ ਵਿਜੀਲੈਂਸ ਦੀ ਗ੍ਰਿਫ਼ਤ ਤੋਂ 8 ਦਿਨਾਂ ਬਾਅਦ ਵੀ ਬਾਹਰ, ਭਾਲ ਲਈ ਛਾਪੇਮਾਰੀ ਜਾਰੀ

0
1725

ਬਠਿੰਡਾ, 3 ਅਕਤੂਬਰ | ਮਾਡਲ ਟਾਊਨ ਫੇਜ਼ ਇਕ ਵਿਚ ਪਲਾਂਟ ਖ਼ਰੀਦ ਮਾਮਲੇ ਵਿਚ ਭਗੌੜੇ ਚੱਲ ਰਹੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਭਾਲ ਲਈ ਵਿਜੀਲੈਂਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਪਰ ਅਜੇ ਤਕ ਮਨਪ੍ਰੀਤ ਵਿਜੀਲੈਂਸ ਦੇ ਹੱਥ ਨਹੀਂ ਲੱਗੇ। ਦੂਜੇ ਪਾਸੇ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਸਬੰਧੀ ਅਦਾਲਤ ’ਚ ਦਾਇਰ ਪਟੀਸ਼ਨ ’ਤੇ 4 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਨੂੰ ਪੇਸ਼ੀ ਤੋਂ ਪਹਿਲਾਂ ਗ੍ਰਿਫ਼ਤਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਮਾਨਤ ਦੇ ਮਾਮਲੇ ਵਿਚ ਅਦਾਲਤ ਨੇ ਵਿਜੀਲੈਂਸ ਵਿਭਾਗ ਨੂੰ ਵੀ ਨੋਟਿਸ ਕੀਤਾ ਹੋਇਆ ਹੈ, ਜਿਸ ਦਾ ਜਵਾਬ ਦੇਣ ਲਈ ਵਿਜੀਲੈਂਸ ਨੇ ਪੂਰੀ ਤਿਆਰੀ ਕਰ ਰੱਖੀ ਹੈ। ਇਸ ਕੇਸ ਵਿਚ ਹੋਰ ਲਿੰਕ ਜੋੜਨ ਲਈ ਵਿਜੀਲੈਂਸ ਸ਼ਹਿਰ ਦੇ ਕੁਝ ਪ੍ਰਾਪਰਟੀ ਡੀਲਰਾਂ ’ਤੇ ਵੀ ਸ਼ਿਕੰਜਾ ਕੱਸਣ ਜਾ ਰਹੀ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਸਾਬਕਾ ਵਿੱਤ ਮੰਤਰੀ ਦਾ ਅਜਿਹੀਆਂ ਕਾਲੋਨੀਆਂ ਵਿਚ ਬੇਨਾਮੀ ਹਿੱਸਾ ਹੈ। ਅਗਲੇ ਦਿਨਾਂ ਵਿਚ ਵਿਜੀਲੈਂਸ ਅਜਿਹੇ ਕਾਲੋਨਾਈਜ਼ਰਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਕਾਂਗਰਸ ਸਰਕਾਰ ਦੇ ਸਮੇਂ ਕਾਲੋਨੀਆਂ ਕੱਟਣ ਦੀ ਮਨਜ਼ੂਰੀ ਲਈ ਸੀ ਅਤੇ ਉਹ ਕਾਂਗਰਸ ਨਾਲ ਜੁੜੇ ਹੋਏ ਹਨ।

ਵਿਜੀਲੈਂਸ ਨੂੰ ਸ਼ੱਕ ਹੈ ਕਿ ਇਨ੍ਹਾਂ ਡੀਲਰਾਂ ਨੇ ਮਨਪ੍ਰੀਤ ਬਾਦਲ ਲਈ ਜਾਇਦਾਦ ਖ਼ਰੀਦਣ ਵਿਚ ਵੀ ਮਦਦ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਨੇ ਉਕਤ 1500 ਗਜ਼ ਜ਼ਮੀਨ ਲਈ 4 ਕਰੋੜ 30 ਲੱਖ ਰੁਪਏ ਤੋਂ ਵੱਧ ਦੀ ਰਕਮ ਅਦਾ ਕੀਤੀ ਸੀ। ਇਸ ਸਬੰਧੀ ਵਿਜੀਲੈਂਸ ਦੀ ਸਰਗਰਮੀ ਇਹ ਵੀ ਦਰਸਾਉਂਦੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਜ਼ੁਬਾਨੀ ਜੰਗ ਤੋਂ ਬਾਅਦ ਉਹ ਮਨਪ੍ਰੀਤ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ।

ਪਿਛਲੇ 8 ਦਿਨਾਂ ਤੋਂ ਪੰਜਾਬ ਵਿਜੀਲੈਂਸ ਵੱਲੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਮਨਪ੍ਰੀਤ ਬਾਦਲ ਨੂੰ 4 ਅਕਤੂਬਰ ਤੋਂ ਪਹਿਲਾਂ ਕਿਸੇ ਤਰ੍ਹਾਂ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਪੰਜਾਬ ਵਿਜੀਲੈਂਸ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਵੀ ਛਾਪੇਮਾਰੀ ਕੀਤੀ ਸੀ ਅਤੇ ਇਕ ਟੀਮ ਦਿੱਲੀ ਵੀ ਗਈ ਹੋਈ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ।