ਮੰਦਰ ‘ਚ ਅਸ਼ਲੀਲ ਗਾਣੇ ’ਤੇ ਵੀਡੀਓ ਬਣਾਉਣਾ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਪਿਆ ਮਹਿੰਗਾ, ਸ਼ਿਵਸੇਨਾ ਆਗੂਆਂ ਨੇ ਦਿੱਤੀ ਸ਼ਿਕਾਇਤ, ਮੰਗੀ ਸਖ਼ਤ ਕਾਰਵਾਈ

0
108

ਜਲੰਧਰ, 9 ਨਵੰਬਰ | ਸ਼ਿਵਸੇਨਾ ਆਗੂਆਂ ਨੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਨੇ ਕਾਲੀ ਮਾਤਾ ਮੰਦਰ ਦੇ ਅੰਦਰ ਜਾ ਕੇ ਅਸ਼ਲੀਲ ਗਾਣੇ ‘ਚਿਕਨੀ ਚਮੀਲੀ’ ’ਤੇ ਚੱਪਲ ਪਾ ਕੇ ਡਾਂਸ ਕਰਦਿਆਂ ਵੀਡੀਓ ਬਣਾਈ ਅਤੇ ਉਸਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ। ਸ਼ਿਵਸੇਨਾ ਨੇ ਇਸ ਘਟਨਾ ਨੂੰ ਹਿੰਦੂ ਧਰਮ ਦੀ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਗੱਲਬਾਤ ਦੌਰਾਨ ਸ਼ਿਵਸੇਨਾ ਆਗੂ ਨੇ ਦੱਸਿਆ ਕਿ ਵੀਡੀਓ ਬਣਾਉਣ ਸਮੇਂ ਮੰਦਰ ਦਾ ਪੰਡਿਤ ਮੌਕੇ ’ਤੇ ਮੌਜੂਦ ਸੀ, ਪਰ ਉਸ ਨੇ ਕੋਈ ਵਿਰੋਧ ਨਹੀਂ ਕੀਤਾ। ਸ਼ਿਵਸੇਨਾ ਨੇ ਮੰਗ ਕੀਤੀ ਹੈ ਕਿ ਵੀਡੀਓ ਬਣਾਉਣ ਵਾਲੀ ਮਹਿਲਾ, ਮੰਦਰ ਪੰਡਿਤ ਅਤੇ ਪ੍ਰਬੰਧਕ ਸਭ ਵਿਰੁੱਧ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ, ਕਿਉਂਕਿ ਇਨ੍ਹਾਂ ਨੇ ਹਿੰਦੂ ਧਰਮ ਦੀ ਮਰਿਆਦਾ ਦਾ ਉਲੰਘਣ ਕੀਤਾ ਹੈ।

ਸ਼ਿਵਸੇਨਾ ਆਗੂ ਨੇ ਕਿਹਾ ਕਿ ਅੱਜਕਲ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀਆਂ ਵੀਡੀਓਆਂ ਲਗਾਤਾਰ ਵਾਇਰਲ ਹੋ ਰਹੀਆਂ ਹਨ, ਜਿਸ ਦਾ ਇੱਕ ਵੱਡਾ ਕਾਰਨ ਹਿੰਦੂ ਸਮਾਜ ਦਾ ਚੁੱਪ ਰਹਿਣਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਹਿੰਦੂ ਸਮਾਜ ਹੁਣ ਵੀ ਨਾ ਜਾਗਿਆ ਤਾਂ ਭਵਿੱਖ ਵਿੱਚ ਪੰਜਾਬ ਦੀ ਹਾਲਤ ਵੀ ਬੰਗਲਾਦੇਸ਼ ਵਾਂਗੀ ਹੋ ਸਕਦੀ ਹੈ।

ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਇਸ ਮਾਮਲੇ ਵਿੱਚ ਜਲਦ ਕਾਰਵਾਈ ਨਾ ਕੀਤੀ ਤਾਂ ਸ਼ਿਵਸੇਨਾ ਵੱਲੋਂ ਮਲਟਾਊਨ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।