ਮੁਕਤਸਰ ਪੁਲਿਸ ਦੀ ਵੱਡੀ ਕਾਰਵਾਈ : ਨਸ਼ਾ ਤਕਸਰ ਔਰਤ ਦੀ 78 ਲੱਖ ਰੁਪਏ ਦੀ ਜਾਇਦਾਦ ਕੀਤੀ ਸੀਲ

0
2699

ਸ੍ਰੀ ਮੁਕਤਸਰ ਸਾਹਿਬ, 30 ਦਸੰਬਰ | CM ਮਾਨ ਅਤੇ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਐਕਸ਼ਨ ਜਾਰੀ ਹੈ। ਉਥੇ ਹੀ ਪੁਲਿਸ ਟੀਮਾਂ ਵੱਲੋਂ ਪਿੰਡਾਂ ਵਿਚ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਂਦਿਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ, ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਇਸੇ ਤਹਿਤ ਫ਼ਤਿਹ ਸਿੰਘ ਬਰਾੜ ਡੀ.ਐਸ.ਪੀ ਮਲੋਟ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਮਲੋਟ ਵੱਲੋਂ ਮਲੋਟ ਦੇ ਨਸ਼ਾ ਤਸਕਰ ਦੇ ਘਰ ਨੂੰ ਸੀਲ ਕੀਤਾ ਗਿਆ।

ਡੀ.ਐਸ.ਪੀ ਮਲੋਟ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕ੍ਰਿਸ਼ਨਾ ਰਾਣੀ ਪਤਨੀ ਦਰਸ਼ਨ ਉਰਫ਼ ਦਰਸ਼ਨ ਰਾਮ ਵਾਸੀ ਵਾਰਡ ਨੰਬਰ 16 ਮਲੋਟ, ਖਿਲਾਫ ਮੁਕੱਦਮਾ ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮਲੋਟ ਵਿਚ ਦਰਜ ਹੈ, ਜਿਸ ਵਿਚ ਉਸ ਪਾਸੋਂ ਨਸ਼ੀਲ਼ੀਆਂ ਗੋਲੀਆਂ ਬਰਾਮਦ ਹੋਈਆਂ ਸਨ। ਕ੍ਰਿਸ਼ਨਾ ਰਾਣੀ ਵੱਲੋਂ ਨਸ਼ਾ ਤਸਕਰੀ ਕਰਕੇ ਬਣਾਈ ਪ੍ਰਾਪਰਟੀ ਜੋ ਸਾਲ 2020 ਵਿਚ ਉਸ ਵੱਲੋਂ ਆਪਣੇ ਪੁੱਤਰਾਂ ਦੇ ਨਾਮ ਕੀਤੀ ਗਈ ਸੀ, ਦੀ ਕੁੱਲ ਕੀਮਤ 78 ਲੱਖ 7 ਹਜ਼ਾਰ ਰੁਪਏ ਬਣਦੀ ਹੈ, ਜਿਸ ਦੀ ਅਟੈਚਮੈਂਟ ਲਈ 68 ਐਫ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਸੀ, ਜਿਸ ਦੇ ਆਰਡਰ ਨਿਕਲਣ ‘ਤੇ ਉਸ ਦੇ ਘਰ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ। ਹੁਣ ਉਹ ਇਹ ਘਰ ਵੇਚ ਨਹੀਂ ਸਕੇਗਾ ਅਤੇ ਜਿਸ ਦਾ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਕੋਲ ਚੱਲੇਗਾ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਨੇੜੇ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ, ਤੁਸੀਂ ਇਸ ਦੀ ਜਾਣਕਾਰੀ ਸਾਡੇ ਹੈਲਪ ਲਾਈਨ ਨੰਬਰ 80549-42100 ਉਤੇ ਵਟਸਐਪ ਮੈਸੇਜ ਜਾਂ ਫੋਨ ਕਰਕੇ ਦੇ ਸਕਦੇ ਹਨ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।